Omicron healthy Superfoods: ਸਰਦੀਆਂ ਦਾ ਮੌਸਮ ਚੱਲ ਰਿਹਾ ਹੈ ਅਤੇ ਕੋਰੋਨਾ ਵਾਇਰਸ ਇੱਕ ਵਾਰ ਫਿਰ ਆਪਣਾ ਰੂਪ ਬਦਲਕੇ ਲੋਕਾਂ ‘ਚ ਦਹਿਸ਼ਤ ਫੈਲਾ ਰਿਹਾ ਹੈ। ਪੂਰੀ ਦੁਨੀਆ ‘ਚ ਓਮੀਕਰੋਨ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਭਾਰਤ ‘ਚ ਓਮੀਕਰੋਨ ਸੰਕ੍ਰਮਣ ਦੇ 1,500 ਤੋਂ ਵੀ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਸਿਹਤ ਅਧਿਕਾਰੀ ਲੋਕਾਂ ਨੂੰ ਲਗਾਤਾਰ ਕੋਵਿਡ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਅਪੀਲ ਕਰ ਰਹੇ ਹਨ ਅਤੇ ਡਾਕਟਰ ਲੋਕਾਂ ਨੂੰ ਇਮਿਊਨਿਟੀ ਵਧਾਉਣ ਵਾਲੀਆਂ ਚੀਜ਼ਾਂ ਖਾਣ ਲਈ ਕਹਿ ਰਹੇ ਹਨ।
ਘਿਓ: ਆਯੁਰਵੇਦ ਦੇ ਅਨੁਸਾਰ ਘਿਓ ਸਭ ਤੋਂ ਆਸਾਨੀ ਨਾਲ ਪਚਣ ਵਾਲਾ ਫੈਟ ਹੁੰਦਾ ਹੈ। ਘਿਓ ਨਾ ਸਿਰਫ ਤੁਹਾਡੇ ਸਰੀਰ ਨੂੰ ਗਰਮ ਰੱਖਦਾ ਹੈ ਸਗੋਂ ਇੰਸਟੈਂਟ ਐਨਰਜ਼ੀ ਵੀ ਦਿੰਦਾ ਹੈ। ਘਿਓ ਸਾਡੇ ਇਮਿਊਨ ਸਿਸਟਮ ਨੂੰ ਬੂਸਟ ਕਰਨ ਦਾ ਕੰਮ ਕਰਦਾ ਹੈ ਅਤੇ ਸਕਿਨ ਨੂੰ ਫਟਣ ਜਾਂ ਡ੍ਰਾਈ ਹੋਣ ਤੋਂ ਰੋਕਦਾ ਹੈ। ਤੁਸੀਂ ਇਸ ਦਾ ਸੇਵਨ ਰੋਟੀ, ਦਾਲ, ਚੌਲਾਂ ਜਾਂ ਸਬਜ਼ੀ ਨਾਲ ਕਰ ਸਕਦੇ ਹੋ।
ਸ਼ਕਰਕੰਦੀ: ਵਿਟਾਮਿਨ-ਏ, ਪੋਟਾਸ਼ੀਅਮ ਅਤੇ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਸ਼ਕਰਕੰਦੀ ਨਾ ਸਿਰਫ਼ ਕਬਜ਼ ਅਤੇ ਸੋਜ ਤੋਂ ਰਾਹਤ ਦਿੰਦੀ ਹੈ ਬਲਕਿ ਇਮਿਊਨਿਟੀ ਵੀ ਵਧਾਉਂਦੀ ਹੈ। ਇਸ ‘ਚ ਮੌਜੂਦ ਵਿਟਾਮਿਨ-ਸੀ ਇਮਿਊਨਿਟੀ ਲਈ ਚੰਗਾ ਹੁੰਦਾ ਹੈ। ਮਾਹਿਰਾਂ ਦੇ ਅਨੁਸਾਰ ਸ਼ਕਰਕੰਦੀ ਦਾ ਇੱਕ ਟੁਕੜਾ ਸਰੀਰ ‘ਚ ਬੀਟਾ ਕੈਰੋਟੀਨ ਦੀ ਦਿਨ ਭਰ ਦੀ ਭਰਪਾਈ ਲਈ ਕਾਫੀ ਹੁੰਦਾ ਹੈ। ਤੁਸੀਂ ਇਸ ਨੂੰ ਸਾਦਾ ਖਾ ਸਕਦੇ ਹੋ ਜਾਂ ਦੁੱਧ ਦੇ ਨਾਲ ਵੀ ਖਾ ਸਕਦੇ ਹੋ।
ਆਂਵਲਾ: ਵਿਟਾਮਿਨ-ਸੀ ਨਾਲ ਭਰਪੂਰ ਆਂਵਲਾ ਇਮਿਊਨ ਬੂਸਟਿੰਗ ਫਲ ਹੈ ਜੋ ਸਰਦੀਆਂ ‘ਚ ਬਿਮਾਰੀਆਂ ਨੂੰ ਦੂਰ ਰੱਖਣ ‘ਚ ਕਾਰਗਰ ਸਾਬਤ ਹੋ ਸਕਦਾ ਹੈ। ਆਂਵਲੇ ਦਾ ਸੇਵਨ ਜੈਮ, ਅਚਾਰ, ਜੂਸ, ਚਟਨੀ ਜਾਂ ਪਾਊਡਰ ਦੇ ਰੂਪ ‘ਚ ਕੀਤਾ ਜਾ ਸਕਦਾ ਹੈ। ਇਸ ‘ਚ ਪਾਏ ਜਾਣ ਵਾਲੇ ਸਾਰੇ ਪੋਸ਼ਕ ਤੱਤ ਸਰੀਰ ਨੂੰ ਬਹੁਤ ਲਾਭ ਪਹੁੰਚਾਉਂਦੇ ਹਨ।
ਖਜੂਰ: ਕੇਕ ਤੋਂ ਲੈ ਕੇ ਸ਼ੇਕ ਤੱਕ ਕਈ ਚੀਜ਼ਾਂ ‘ਚ ਖਜੂਰ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਵਿਟਾਮਿਨ, ਖਣਿਜ ਅਤੇ ਫਾਈਬਰ ਨਾਲ ਭਰਪੂਰ ਹੁੰਦੀ ਹੈ। ਖਜੂਰ ‘ਚ ਪਾਇਆ ਜਾਣ ਵਾਲਾ ਕੈਲਸ਼ੀਅਮ ਹੱਡੀਆਂ ਅਤੇ ਦੰਦਾਂ ਨੂੰ ਲਾਭ ਪਹੁੰਚਾਉਂਦਾ ਹੈ। ਮਾਹਿਰਾਂ ਦੇ ਅਨੁਸਾਰ ਖਜੂਰ ਸਾਡੇ ਇਮਿਊਨ ਸਿਸਟਮ ਲਈ ਵੀ ਬਹੁਤ ਵਧੀਆ ਹੁੰਦਾ ਹੈ।
ਗੁੜ: ਆਯੂਸ਼ ਮੰਤਰਾਲੇ ਦੇ ਅਨੁਸਾਰ ਗੁੜ ਦਾ ਸੇਵਨ ਇਮਿਊਨਿਟੀ ਵਧਾਉਣ ਦਾ ਇੱਕ ਵਧੀਆ ਫਾਰਮੂਲਾ ਹੈ। ਇਸ ਨਾਲ ਆਮ ਜ਼ੁਕਾਮ ਤੋਂ ਵੀ ਜਲਦੀ ਰਾਹਤ ਮਿਲਦੀ ਹੈ। ਗੁੜ ‘ਚ ਮੌਜੂਦ ਆਇਰਨ, ਮੈਗਨੀਸ਼ੀਅਮ, ਜ਼ਿੰਕ, ਸੇਲੇਨਿਅਮ ਅਤੇ ਪੋਟਾਸ਼ੀਅਮ ਵਰਗੇ ਫਾਇਦੇਮੰਦ ਤੱਤ ਰੋਗ ਇਮਿਊਨਿਟੀ ਨੂੰ ਵਧਾਉਣ ਦਾ ਕੰਮ ਕਰਦੇ ਹਨ।
ਬਾਜਰਾ: ਪੌਸ਼ਟਿਕ ਤੱਤ, ਵਿਟਾਮਿਨ, ਖਣਿਜ ਅਤੇ ਫਾਈਬਰ ਨਾਲ ਭਰਪੂਰ ਬਾਜਰਾ ਸਰੀਰ ਲਈ ਬਹੁਤ ਹੀ ਫਾਇਦੇਮੰਦ ਚੀਜ਼ ਹੈ। ਮਾਹਿਰਾਂ ਅਨੁਸਾਰ ਬਾਜਰੇ ‘ਚ ਮੌਜੂਦ ਵਿਟਾਮਿਨ-ਬੀ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਸਰਦੀਆਂ ‘ਚ ਸਰੀਰ ਨੂੰ ਗਰਮ ਰੱਖਣ ਦਾ ਕੰਮ ਕਰਦਾ ਹੈ। ਬਾਜਰੇ ਅਤੇ ਰਾਗੀ ਵਰਗੀਆਂ ਚੀਜ਼ਾਂ ਇਮਿਊਨ ਸਿਸਟਮ ਨੂੰ ਵਧੀਆ ਬਣਾਉਂਦੀਆਂ ਹਨ।
ਅਦਰਕ: ਅਦਰਕ ‘ਚ ਮੌਜੂਦ ਆਕਸੀਡੇਟਿਵ ਅਤੇ ਐਂਟੀ-ਇੰਫਲੇਮੇਟਰੀ ਗੁਣ ਗਲੇ ਦੀ ਖਰਾਸ਼ ਨੂੰ ਦੂਰ ਕਰਨ ਦਾ ਕੰਮ ਕਰਦੇ ਹਨ। ਇੰਨਾ ਹੀ ਨਹੀਂ ਅਦਰਕ ਇਮਿਊਨ ਸਿਸਟਮ ਨੂੰ ਵੀ ਬੂਸਟ ਕਰਦਾ ਹੈ। ਇਹ ਕਾਰਡੀਓਵੈਸਕੁਲਰ ਡਿਸੀਜ, ਕੈਂਸਰ, ਪਾਚਨ ਸਮੱਸਿਆ ਅਤੇ ਜੀ ਮਚਲਾਉਂਣ ਦੀ ਸਮੱਸਿਆ ਤੋਂ ਰਾਹਤ ਦਿਵਾਉਂਦਾ ਹੈ।
ਖੱਟੇ ਫਲ: ਮੌਸਮੀ, ਸੰਤਰਾ ਜਾਂ ਨਿੰਬੂ ਵਰਗੇ ਖੱਟੇ ਫਲਾਂ ਦਾ ਸੇਵਨ ਕਰਨਾ ਨਾ ਭੁੱਲੋ। ਸਰਦੀਆਂ ‘ਚ ਮਿਲਣ ਵਾਲੇ ਇਨ੍ਹਾਂ ਖੱਟੇ ਫਲਾਂ ‘ਚ ਵਿਟਾਮਿਨ-ਸੀ ਦੀ ਮਾਤਰਾ ਸਭ ਤੋਂ ਜ਼ਿਆਦਾ ਹੁੰਦੀ ਹੈ ਜੋ ਇਮਿਊਨਿਟੀ ਨੂੰ ਤੇਜ਼ੀ ਨਾਲ ਵਧਾਉਂਦੇ ਹਨ। ਸਰਦੀਆਂ ‘ਚ ਤੁਹਾਨੂੰ ਇਨ੍ਹਾਂ ਦਾ ਨਿਯਮਤ ਸੇਵਨ ਕਰਨਾ ਚਾਹੀਦਾ ਹੈ।