ਰਾਜਧਾਨੀ ਦਿੱਲੀ ਵਿੱਚ ਕੋਰੋਨਾ ਅਤੇ ਓਮੀਕ੍ਰੋਨ ਦੇ ਮਾਮਲੇ ਤੇਜ਼ੀ ਨਾਲ ਵਧਣੇ ਸ਼ੁਰੂ ਹੋ ਗਏ ਹਨ । ਜਿਸ ਨਾਲ ਸੰਕ੍ਰਮਣ ਦੀ ਦਰ ਵੀ ਵੱਧ ਕੇ 25 ਫੀਸਦੀ ਪਹੁੰਚ ਗਈ ਹੈ। ਇਸ ਵਿਚਾਲੇ ਦਿੱਲੀ ਵਿੱਚ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ । ਹਾਲਾਂਕਿ, ਦਿੱਲੀ ਵਿੱਚ ਲਾਕਡਾਊਨ ਦੀ ਗੱਲ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਪਰ ਜੇਕਰ ਕੋਰੋਨਾ ਮਾਮਲੇ ਇਸੇ ਤਰ੍ਹਾਂ ਵਧਦੇ ਗਏ ਤਾਂ ਲਾਕਡਾਊਨ ਵਰਗੀਆਂ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ । ਇਸ ਸਬੰਧੀ ਲੈਫਟੀਨੈਂਟ ਗਵਰਨਰ ਅਨਿਲ ਬੈਜਲ ਨੇ ਦਿੱਲੀ ਵਿੱਚ ਵਧਦੇ ਕੋਰੋਨਾ ਮਾਮਲਿਆਂ ਨੂੰ ਲੈ ਕੇ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ DDMA ਨਾਲ ਬੈਠਕ ਕੀਤੀ । ਇਸ ਤੋਂ ਬਾਅਦ ਕੁਝ ਫੈਸਲੇ ਲਏ ਗਏ ਹਨ। ਜਿਸ ਵਿੱਚ ਰੈਸਟੋਰੈਂਟ ਅਤੇ ਬਾਰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਦਿੱਲੀ ਸਰਕਾਰ ਵੱਲੋਂ ਰੈਸਟੋਰੈਂਟ ਅਤੇ ਬਾਰ ਬੰਦ ਕਰਨ ਦੇ ਫੈਸਲੇ ਤੋਂ ਬਾਅਦ ਹੁਣ ਲੋਕ ਰੈਸਟੋਰੈਂਟ ਵਿੱਚ ਬੈਠ ਕੇ ਖਾਣਾ ਨਹੀਂ ਖਾ ਸਕਦੇ ਹਨ। ਹਾਲਾਂਕਿ ਆਨਲਾਈਨ ਡਿਲੀਵਰੀ ਜਾਰੀ ਰਹੇਗੀ। ਲੋਕ ਰੈਸਟੋਰੈਂਟਾਂ ਅਤੇ ਬਾਰਾਂ ਤੋਂ ਭੋਜਨ ਆਨਲਾਈਨ ਆਰਡਰ ਕਰ ਸਕਦੇ ਹਨ। ਪਹਿਲਾਂ ਰੈਸਟੋਰੈਂਟਾਂ ਅਤੇ ਬਾਰਾਂ ਨੂੰ 50 ਫੀਸਦੀ ਸਮਰੱਥਾ ਨਾਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਸੀ।
ਇਹ ਵੀ ਪੜ੍ਹੋ: ਕੈਪਟਨ ਦੀ ਪਾਰਟੀ ‘ਪੰਜਾਬ ਲੋਕ ਕਾਂਗਰਸ’ ਨੂੰ ਮਿਲਿਆ ਚੋਣ ਨਿਸ਼ਾਨ, ਹਾਕੀ ਤੇ ਗੇਂਦ ਨਾਲ ਉਤਰਨਗੇ ਮੈਦਾਨ ‘ਚ
ਇਸ ਤੋਂ ਇਲਾਵਾ ਹੁਣ ਦਿੱਲੀ ਸਰਕਾਰ ਵੱਲੋਂ ਹਫਤਾਵਾਰੀ ਬਜ਼ਾਰਾਂ ਬਾਰੇ ਵੀ ਫੈਸਲਾ ਲਿਆ ਗਿਆ ਹੈ । ਜਿਸਦੇ ਤਹਿਤ ਹੁਣ ਇੱਕ ਜ਼ੋਨ ਵਿੱਚ ਇੱਕ ਹਫ਼ਤੇ ਵਿੱਚ ਬਦਲਵੇਂ ਰੂਪ ਵਿੱਚ ਇੱਕ ਹੀ ਹਫ਼ਤਾਵਾਰੀ ਮੰਡੀ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਬਾਜ਼ਾਰ ਵਿੱਚ ਕੋਵਿਡ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਹਫਤਾਵਾਰੀ ਬਾਜ਼ਾਰਾਂ ‘ਤੇ ਕੋਈ ਪਾਬੰਦੀ ਨਹੀਂ ਸੀ।
ਦੱਸ ਦੇਈਏ ਕਿ ਦਿੱਲੀ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਕਰਨ ਜਾ ਰਹੇ ਹਨ। ਜਿਸ ਵਿੱਚ ਕੇਜਰੀਵਾਲ ਵੱਲੋਂ ਨਵੀਆਂ ਪਾਬੰਦੀਆਂ ਬਾਰੇ ਐਲਾਨ ਕਰ ਸਕਦੇ ਹਨ। ਹਾਲਾਂਕਿ, ਇਸਦੀ ਉਮੀਦ ਘੱਟ ਹੈ । ਕਿਉਂਕਿ ਇਸ ਤੋਂ ਪਹਿਲਾਂ ਕੇਜਰੀਵਾਲ ਖੁਦ ਲੌਕਡਾਊਨ ਲਗਾਉਣ ਦੀ ਗੱਲ ਨੂੰ ਰੱਦ ਕਰ ਚੁੱਕੇ ਹਨ । ਦਿੱਲੀ ਵਿੱਚ ਸੋਮਵਾਰ ਨੂੰ ਕੋਰੋਨਾ ਦੇ 19 ਹਜ਼ਾਰ 166 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 17 ਮਰੀਜ਼ਾਂ ਦੀ ਵੀ ਮੌਤ ਹੋ ਗਈ । ਦਿੱਲੀ ਵਿੱਚ ਇਸ ਸਮੇਂ 65 ਹਜ਼ਾਰ 806 ਐਕਟਿਵ ਕੇਸ ਹਨ । ਇਨ੍ਹਾਂ ਵਿੱਚੋਂ 44 ਹਜ਼ਾਰ ਮਰੀਜ਼ ਹੋਮ ਆਈਸੋਲੇਸ਼ਨ ਵਿੱਚ ਹਨ।
ਵੀਡੀਓ ਲਈ ਕਲਿੱਕ ਕਰੋ -: