ਅਗਲੇ ਮਹੀਨੇ ਪੰਜਾਬ ਅਤੇ ਯੂਪੀ ਸਣੇ ਦੇਸ਼ ਦੇ 5 ਰਾਜਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਚੋਣਾਂ ਦੇ ਐਲਾਨ ਤੋਂ ਬਾਅਦ ਹੁਣ ਸੂਬਿਆਂ ‘ਚ ਸਿਆਸੀ ਹਲਚਲ ਵੀ ਤੇਜ਼ ਹੋ ਗਈ ਹੈ ਇਸ ਦੇ ਨਾਲ ਹੀ ਪਾਰਟੀਆਂ ‘ਚ ਅਦਲਾ ਬਦਲੀ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ।
ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਚੱਲ ਰਹੇ ਪ੍ਰਚਾਰ ਦੌਰਾਨ ਬੁੱਧਵਾਰ ਨੂੰ ਭਾਜਪਾ ਨੂੰ ਇੱਕ ਹੋਰ ਝਟਕਾ ਲੱਗਿਆ ਹੈ। ਸਵਾਮੀ ਪ੍ਰਸਾਦ ਮੌਰਿਆ ਤੋਂ ਬਾਅਦ ਹੁਣ ਦਾਰਾ ਸਿੰਘ ਚੌਹਾਨ ਨੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦਾਰਾ ਸਿੰਘ ਮਊ ਜ਼ਿਲ੍ਹੇ ਦੀ ਮਧੂਬਨ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ। ਰਾਜਪਾਲ ਨੂੰ ਭੇਜੇ ਪੱਤਰ ਵਿੱਚ ਉਨ੍ਹਾਂ ਨੇ ਯੋਗੀ ਸਰਕਾਰ ‘ਤੇ ਦਲਿਤਾਂ, ਪੱਛੜਿਆਂ ਅਤੇ ਨੌਜਵਾਨਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਇਆ ਹੈ।
ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਦਾਰਾ ਸਿੰਘ ਚੌਹਾਨ ਨੇ ਅਖਿਲੇਸ਼ ਯਾਦਵ ਨਾਲ ਮੁਲਾਕਾਤ ਕੀਤੀ ਹੈ। ਸਪਾ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਟਵੀਟ ਕੀਤਾ ਅਤੇ ਕਿਹਾ ਕਿ ‘ਸਮਾਜਿਕ ਨਿਆਂ’ ਲਈ ਸੰਘਰਸ਼ ਦੇ ਅਣਥੱਕ ਲੜਾਕੇ, ਸ਼੍ਰੀ ਦਾਰਾ ਸਿੰਘ ਚੌਹਾਨ ਜੀ ਦਾ ਸਪਾ ਵਿੱਚ ਨਿੱਘਾ ਸਵਾਗਤ ਅਤੇ ਸ਼ੁਭਕਾਮਨਾਵਾਂ! ਸਪਾ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਇਕਜੁੱਟ ਹੋ ਕੇ ਬਰਾਬਰੀ ਅਤੇ ਸਮਾਨਤਾ ਦੀ ਲਹਿਰ ਨੂੰ ਸਿਖਰ ‘ਤੇ ਲੈ ਕੇ ਜਾਣਗੀਆਂ… ਭੇਦਭਾਵ ਨੂੰ ਖਤਮ ਕਰਨਗੀਆਂ! ਇਹ ਸਾਡਾ ਸਮੂਹਿਕ ਸੰਕਲਪ ਹੈ! ਸਭ ਦਾ ਸਨਮਾਨ ~ ਸਭ ਦਾ ਸਥਾਨ!
ਦਾਰਾ ਸਿੰਘ ਚੌਹਾਨ ਦੇ ਅਸਤੀਫੇ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਕੇਸ਼ਵ ਪ੍ਰਸਾਦ ਮੌਰਿਆ ਨੇ ਉਨ੍ਹਾਂ ਨੂੰ ਫੈਸਲੇ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ, ”ਜੇ ਪਰਿਵਾਰ ਦਾ ਕੋਈ ਮੈਂਬਰ ਕੁਰਾਹੇ ਪੈ ਜਾਵੇ ਤਾਂ ਦੁੱਖ ਹੁੰਦਾ ਹੈ। ਜਾ ਰਹੀਆਂ ਸਤਿਕਾਰਯੋਗ ਸਖਸ਼ੀਅਤਾਂ ਨੂੰ ਮੈਂ ਇਹੀ ਬੇਨਤੀ ਕਰਾਂਗਾ ਕਿ ਡੁੱਬਦੀ ਕਿਸ਼ਤੀ ‘ਤੇ ਸਵਾਰ ਹੋ ਕੇ ਉਨ੍ਹਾਂ ਦਾ ਆਪਣਾ ਹੀ ਨੁਕਸਾਨ ਹੋਵੇਗਾ। ਵੱਡੇ ਵੀਰ ਸ਼੍ਰੀ ਦਾਰਾ ਸਿੰਘ ਜੀ, ਤੁਹਾਨੂੰ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।”
ਵੀਡੀਓ ਲਈ ਕਲਿੱਕ ਕਰੋ -: