ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੂੰ ਅਤੇ ਕਿਸਾਨ ਆਗੂ ਗਰੁਨਾਮ ਸਿੰਘ ਚੜੂਨੀ ਵਿਚਾਲੇ ਗਠਜੋੜ ਤੋਂ ਪਹਿਲਾਂ ਹੀ ਪੇਚ ਫਸ ਗਿਆ ਹੈ। ਸੰਯੁਕਤ ਸੰਘਰਸ਼ ਮੋਰਚਾ ਦੇ ਮੁਖੀ ਗੁਰਨਾਮ ਚੜੂਨੀ ਨੇ ਸੰਯੁਕਤ ਸਮਾਜ ਮੋਰਚਾ ਦੇ ਮੁਖੀ ਬਲਬੀਰ ਸਿੰਘ ਰਾਜੇਵਾਲ ‘ਤੇ ਇਲਜ਼ਾਮ ਲਗਾਏ ਹਨ। ਉਨ੍ਹਾਂ ਨੇ ਰਾਜੇਵਾਲ ‘ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਹ ਮੈਨੂੰ ਨਜ਼ਰ ਅੰਦਾਜ਼ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਅਸੀਂ ‘ਸੰਯੁਕਤ ਸਮਾਜ ਮੋਰਚਾ’ ਵਿੱਚ 25 ਸੀਟਾਂ ਮੰਗੀਆਂ ਹਨ ਪਰ ਉਹ ਸਾਨੂੰ ਸਿਰਫ਼ 9 ਸੀਟਾਂ ਹੀ ਦੇ ਰਹੇ ਹਨ ।
ਗੁਰਨਾਮ ਚੜੂਨੀ ਨੇ ਕਿਹਾ ਕਿ ਰਾਜੇਵਾਲ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਉਨ੍ਹਾਂ ਨੇ ਜਦੋਂ ਵੀ ਰਾਜੇਵਾਲ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਨ੍ਹਾਂ ਨੂੰ ਨਜ਼ਰਅੰਦਾਜ਼ ਹੀ ਕੀਤਾ ਗਿਆ। ਚੜੂਨੀ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਜਦੋਂ ਮੈਂ ਮਿਸ਼ਨ ਪੰਜਾਬ ਸ਼ੁਰੂ ਕੀਤਾ ਸੀ ਉਦੋਂ ਵੀ ਮੇਰੇ ਨਾਲ ਇਸੇ ਤਰ੍ਹਾਂ ਹੀ ਕੀਤਾ ਗਿਆ ਸੀ। ਮੈਨੂੰ ਸੰਯੁਕਤ ਕਿਸਾਨ ਮੋਰਚੇ ਤੋਂ ਬਾਹਰ ਕੱਢ ਦਿੱਤਾ ਗਿਆ ਸੀ।
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਅਸੀਂ ਇਕੱਲੇ ਚੋਣਾਂ ਨਹੀਂ ਲੜਨਾ ਚਾਹੁੰਦੇ। ਪਰ ਸੰਯੁਕਤ ਸਮਾਜ ਮੋਰਚੇ ਵੱਲੋਂ ਕੋਈ ਸਨਮਾਨ ਨਹੀਂ ਮਿਲ ਰਿਹਾ। ਸਾਨੂੰ ਸਨਮਾਨ ਚਾਹੀਦਾ ਹੈ। ਸਾਡੇ ਨਾਲ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਜੁੜੀਆਂ ਹੋਈਆਂ ਹਨ। ਸਾਨੂੰ ਸਿਰਫ 9 ਸੀਟਾਂ ਆਫਰ ਕੀਤੀਆਂ ਜਾ ਰਹੀਆਂ ਹਨ। ਅਸੀਂ ਚਾਹੁੰਦੇ ਹਾਂ ਕਿ ਸਾਨੂੰ ਘੱਟੋਂ-ਘੱਟ 25 ਸੀਟਾਂ ਤਾਂ ਦਿੱਤੀਆਂ ਜਾਣ, ਪਰ ਰਾਜੇਵਾਲ ਸਾਡੇ ਨਾਲ ਠੀਕ ਤਰ੍ਹਾਂ ਗੱਲ ਵੀ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਸਾਡਾ ਬਣਦਾ ਹੱਕ ਨਾ ਮਿਲਿਆ ਤਾਂ ਅਸੀਂ ਚੋਣ ਮੈਦਾਨ ਵਿੱਚ ਆਪਣੇ ਵੱਖਰੇ ਉਮੀਦਵਾਰ ਉਤਾਰਾਂਗੇ।
ਦੱਸ ਦੇਈਏ ਕਿ ਆਮ ਆਦਮੀ ਪਾਰਟੀ ਨਾਲ ਗਠਜੋੜ ਦੀ ਗੱਲਬਾਤ ਟੁੱਟਣ ਤੋਂ ਬਾਅਦ ਸੰਯੁਕਤ ਸਮਾਜ ਮੋਰਚੇ ਨੇ ਗੁਰਨਾਮ ਚੜੂਨੀ ਦੇ ਨਾਲ ਗਠਜੋੜ ਨੂੰ ਲੈ ਕੇ ਗੱਲਬਾਤ ਸ਼ੁਰੂ ਕੀਤੀ ਸੀ। ਗੌਰਤਲਬ ਹੈ ਕਿ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਲਈ 14 ਫਰਵਰੀ ਨੂੰ ਚੋਣਾਂ ਹੋਣੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: