ਰਾਜਧਾਨੀ ਦਿੱਲੀ ਵਿੱਚ ਧੁੰਦ ਅਤੇ ਠੰਢ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ । ਵਧਦੀ ਠੰਢ ਦੇ ਨਾਲ ਬਾਰਿਸ਼ ਦੀ ਦੋਹਰੀ ਮਾਰ ਨੇ ਉੱਤਰੀ ਭਾਰਤ ‘ਤੇ ਡੂੰਘਾ ਪ੍ਰਭਾਵ ਪਾਇਆ ਹੈ । ਰਾਸ਼ਟਰੀ ਰਾਜਧਾਨੀ ਦਿੱਲੀ ਸਣੇ ਉੱਤਰ ਭਾਰਤ ਵਿੱਚ ਪੈ ਰਹੀ ਕੜਾਕੇ ਦੀ ਠੰਢ ਵਿਚਾਲੇ ਸ਼ੁੱਕਰਵਾਰ ਯਾਨੀ ਕਿ ਅੱਜ ਤੋਂ ਮੌਸਮ ਬਦਲ ਜਾਵੇਗਾ । ਇਸ ਦੌਰਾਨ ਮੌਸਮ ਵਿਭਾਗ ਵੱਲੋਂ ਨਵੀਂ ਪੱਛਮੀ ਗੜਬੜੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਜਿਸਦਾ ਅਸਰ ਪੂਰੇ ਉੱਤਰ ਭਾਰਤ ‘ਤੇ ਦਿਖਾਈ ਦੇਵੇਗਾ । ਜਿਸਦੇ ਮੱਦੇਨਜ਼ਰ 21, 22 ਅਤੇ 23 ਜਨਵਰੀ ਨੂੰ ਦਿੱਲੀ ਵਿੱਚ ਭਾਰੀ ਮੀਂਹ ਪੈ ਸਕਦਾ ਹੈ।
IMD ਨੇ ਕਿਹਾ ਕਿ ਆਉਣ ਵਾਲੇ ਦੋ ਦਿਨਾਂ ਵਿੱਚ ਉੱਤਰੀ ਭਾਰਤ ਦੇ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ ਛਾਈ ਰਹਿ ਸਕਦੀ ਹੈ । ਮੌਸਮ ਵਿਭਾਗ ਵੱਲੋਂ 21 ਤੋਂ 23 ਜਨਵਰੀ ਤੱਕ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ । ਜਿਸ ਤੋਂ ਬਾਅਦ 24 ਜਨਵਰੀ ਨੂੰ ਮੌਸਮ ਸਾਫ਼ ਹੋਣ ਦੀ ਉਮੀਦ ਹੈ । ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 14.5 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 10.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ । ਮੌਸਮ ਵਿਭਾਗ ਅਨੁਸਾਰ ਸ਼ੁੱਕਰਵਾਰ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ, ਜਦੋਂ ਕਿ 22 ਅਤੇ 23 ਜਨਵਰੀ ਨੂੰ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ।
ਮੌਸਮ ਵਿਭਾਗ ਅਨੁਸਾਰ 21 ਅਤੇ 22 ਜਨਵਰੀ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ 20-30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਵਿੱਚ ਸਵੇਰ ਅਤੇ ਸ਼ਾਮ ਦੇ ਸਮੇਂ ਸੰਘਣੀ ਧੁੰਦ ਵੀ ਪੈ ਸਕਦੀ ਹੈ। ਅਗਲੇ 24 ਘੰਟਿਆਂ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਅਲੱਗ-ਥਲੱਗ ਹਿੱਸਿਆਂ ਵਿੱਚ ਕੋਲਡ ਡੇਅ ਦੇ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ।
ਇਸ ਸਬੰਧੀ ਮੌਸਮ ਵਿਗਿਆਨੀ ਆਰ ਕੇ ਜੇਨਾਮਾਨੀ ਨੇ ਦੱਸਿਆ ਕਿ ਸਾਲ 2015 ਤੋਂ ਬਾਅਦ ਦਿੱਲੀ ਵਿੱਚ ਅਜਿਹੇ ਦਿਨ ਦੇਖਣ ਨੂੰ ਮਿਲ ਰਹੇ ਹਨ ਜਿੱਥੇ ਸਵੇਰ ਤੋਂ ਸ਼ਾਮ ਤੱਕ ਬੱਦਲ ਛਾਏ ਰਹਿੰਦੇ ਹਨ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਅੱਜ ਤੋਂ ਦਿਨ ਦਾ ਤਾਪਮਾਨ ਥੋੜ੍ਹਾ ਵਧੇਗਾ । ਆਮ ਤੌਰ ‘ਤੇ ਜਨਵਰੀ ਵਿਚ ਪੱਛਮੀ ਗੜਬੜੀ ਸਰਗਰਮ ਰਹਿੰਦੀ ਹੈ, ਇਸ ਸਾਲ ਵੀ ਗੜਬੜੀ ਕਾਰਨ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਵੀਡੀਓ ਲਈ ਕਲਿੱਕ ਕਰੋ -: