ਮਣੀਪੁਰ, ਮੇਘਾਲਿਆ ਅਤੇ ਤ੍ਰਿਪੁਰਾ ਅੱਜ ਆਪਣਾ ਸਥਾਪਨਾ ਦਿਵਸ ਮਨਾ ਰਹੇ ਹਨ। ਉਨ੍ਹਾਂ ਨੂੰ 21 ਜਨਵਰੀ 1972 ਨੂੰ ਪੂਰਨ ਰਾਜ ਦਾ ਦਰਜਾ ਮਿਲਿਆ ਸੀ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਣੀਪੁਰ ਦੇ ਲੋਕਾਂ ਨੂੰ ਸੰਬੋਧਨ ਕੀਤਾ ਹੈ।
ਪੀਐਮ ਮੋਦੀ ਨੇ ਕਿਹਾ ਕਿ ਉੱਤਰ ਪੂਰਬ ਨੂੰ ਐਕਟ ਈਸਟ ਨੀਤੀ ਦਾ ਕੇਂਦਰ ਬਣਾਉਣ ਦੇ ਵਿਜ਼ਨ ਵਿੱਚ ਮਣੀਪੁਰ ਦੀ ਭੂਮਿਕਾ ਮਹੱਤਵਪੂਰਨ ਹੈ। ਪਹਿਲੀ ਯਾਤਰੀ ਰੇਲਗੱਡੀ ਲਈ ਤੁਹਾਨੂੰ 50 ਸਾਲ ਉਡੀਕ ਕਰਨੀ ਪਈ। ਇੰਨੇ ਦਹਾਕਿਆਂ ਬਾਅਦ ਰੇਲ ਦਾ ਇੰਜਣ ਮਣੀਪੁਰ ਪਹੁੰਚਿਆ ਹੈ, ਇਹੀ ਡਬਲ ਇੰਜਣ ਵਾਲੀ ਸਰਕਾਰ ਦਾ ਕਮਾਲ ਹੈ।
ਮਣੀਪੁਰ ਨੇ ਪਿਛਲੇ 50 ਸਾਲਾਂ ਵਿੱਚ ਕਈ ਉਤਰਾਅ-ਚੜ੍ਹਾਅ ਦੇਖੇ ਹਨ। ਮਣੀਪੁਰ ਦੇ ਸਾਰੇ ਲੋਕਾਂ ਨੇ ਹਰ ਤਰ੍ਹਾਂ ਦਾ ਸਮਾਂ ਇਕਜੁੱਟਤਾ ਨਾਲ ਬਤੀਤ ਕੀਤਾ ਹੈ, ਉਨ੍ਹਾਂ ਨੇ ਹਰ ਸਥਿਤੀ ਦਾ ਸਾਹਮਣਾ ਕੀਤਾ ਹੈ। ਇਹ ਮਣੀਪੁਰ ਦੀ ਅਸਲ ਤਾਕਤ ਹੈ। ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਮਣੀਪੁਰ ਆਪਣੀ ਸਮਰੱਥਾ ਨੂੰ ਵਿਕਾਸ ਵਿੱਚ ਲਗਾ ਰਿਹਾ ਹੈ, ਇਸ ਦੇ ਨੌਜਵਾਨਾਂ ਦੀ ਸਮਰੱਥਾ ਵਿਸ਼ਵ ਮੰਚ ਉੱਤੇ ਚਮਕ ਰਹੀ ਹੈ। ਅੱਜ ਜਦੋਂ ਅਸੀਂ ਖੇਡ ਦੇ ਮੈਦਾਨ ‘ਤੇ ਮਣੀਪੁਰ ਦੇ ਧੀਆਂ-ਪੁੱਤਰਾਂ ਦੇ ਜੋਸ਼ ਅਤੇ ਜਜ਼ਬੇ ਨੂੰ ਦੇਖਦੇ ਹਾਂ ਤਾਂ ਪੂਰੇ ਦੇਸ਼ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ। ਮਣੀਪੁਰ ਵਿੱਚ ਬੁਨਿਆਦੀ ਸਹੂਲਤਾਂ ਤੱਕ ਪਹੁੰਚਣ ਵਿੱਚ ਕਈ ਦਹਾਕਿਆਂ ਦਾ ਸਮਾਂ ਲੱਗ ਗਿਆ ਸੀ, ਪਰ ਹੁਣ ਮਣੀਪੁਰ ਨਾਲ ਜੁੜਨ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਅੱਜ ਹਜ਼ਾਰਾਂ ਰੁਪਏ ਦੇ ਕਨੈਕਟੀਵਿਟੀ ਪ੍ਰੋਜੈਕਟਾਂ ‘ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ।
ਸਾਨੂੰ ਯਾਦ ਰੱਖਣਾ ਪਏਗਾ ਕਿ ਜਿਨ੍ਹਾਂ ਤਾਕਤਾਂ ਨੇ ਮਣੀਪੁਰ ਦੇ ਵਿਕਾਸ ਨੂੰ ਲੰਮੇ ਸਮੇਂ ਤੋਂ ਰੋਕਿਆ ਸੀ, ਉਨ੍ਹਾਂ ਨੂੰ ਮੁੜ ਸਿਰ ਚੁੱਕਣ ਦਾ ਮੌਕਾ ਨਹੀਂ ਮਿਲਣਾ ਚਾਹੀਦਾ। ਹੁਣ ਸਾਨੂੰ ਆਉਣ ਵਾਲੇ ਦਹਾਕੇ ਲਈ ਨਵੇਂ ਸੁਪਨਿਆਂ, ਨਵੇਂ ਸੰਕਲਪਾਂ ਨਾਲ ਤੁਰਨਾ ਪਵੇਗਾ। ਮੈਂ ਨੌਜਵਾਨ ਪੁੱਤਰਾਂ ਅਤੇ ਧੀਆਂ ਨੂੰ ਵਿਸ਼ੇਸ਼ ਤੌਰ ‘ਤੇ ਬੇਨਤੀ ਕਰਾਂਗਾ ਕਿ ਤੁਹਾਨੂੰ ਅੱਗੇ ਆਉਣਾ ਪਵੇਗਾ। 50 ਸਾਲਾਂ ਦੇ ਸਫ਼ਰ ਤੋਂ ਬਾਅਦ ਅੱਜ ਮਣੀਪੁਰ ਇੱਕ ਮਹੱਤਵਪੂਰਨ ਪੜਾਅ ‘ਤੇ ਖੜ੍ਹਾ ਹੈ। ਮਣੀਪੁਰ ਨੇ ਤੇਜ਼ੀ ਨਾਲ ਵਿਕਾਸ ਦੀ ਯਾਤਰਾ ਸ਼ੁਰੂ ਕੀਤੀ ਹੈ। ਜਿਹੜੀਆਂ ਰੁਕਾਵਟਾਂ ਸਨ, ਉਹ ਹੁਣ ਦੂਰ ਹੋ ਗਈਆਂ ਹਨ, ਇੱਥੋਂ ਅਸੀਂ ਪਿੱਛੇ ਮੁੜ ਕੇ ਨਹੀਂ ਦੇਖਣਾ ਹੈ।
ਤੁਹਾਨੂੰ ਦੱਸ ਦੇਈਏ ਕਿ ਭਾਰਤ ਦੇ ਸੰਘੀ ਇਤਿਹਾਸ ਵਿੱਚ 21 ਜਨਵਰੀ ਦਾ ਮਹੱਤਵ ਇਸ ਲਈ ਵੀ ਹੈ ਕਿਉਂਕਿ ਇਸ ਦਿਨ ਤਿੰਨ ਰਾਜ ਮਣੀਪੁਰ, ਮੇਘਾਲਿਆ ਅਤੇ ਤ੍ਰਿਪੁਰਾ ਦੇ ਰੂਪ ਵਿੱਚ ਸਾਹਮਣੇ ਆਏ ਸਨ। ਉੱਤਰ-ਪੂਰਬੀ ਰਾਜਾਂ ਮਣੀਪੁਰ, ਮੇਘਾਲਿਆ ਅਤੇ ਤ੍ਰਿਪੁਰਾ ਨੂੰ ਵੱਖਰੇ ਰਾਜ ਬਣੇ ਪੰਜ ਦਹਾਕੇ ਹੋ ਗਏ ਹਨ। ਮਨੀਪੁਰ, ਮੇਘਾਲਿਆ ਅਤੇ ਤ੍ਰਿਪੁਰਾ ਨੂੰ 21 ਜਨਵਰੀ 1972 ਨੂੰ ਉੱਤਰ ਪੂਰਬੀ ਖੇਤਰ (ਪੁਨਰਗਠਨ) ਐਕਟ 1971 ਦੇ ਤਹਿਤ ਵੱਖਰੇ ਰਾਜ ਦਾ ਦਰਜਾ ਦਿੱਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: