Healthy lifestyle healthy food: ਜਾਪਾਨੀ ਲੋਕ ਆਪਣੀ ਫਿਟਨੈੱਸ ਅਤੇ ਚੰਗੀ ਸਿਹਤ ਲਈ ਪੂਰੀ ਦੁਨੀਆ ‘ਚ ਜਾਣੇ ਜਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਉਹ ਫਿੱਟ ਰਹਿਣ ਲਈ ਬਲੂ ਜੋਨਸ ਡਾਈਟ ਦਾ ਸਹਾਰਾ ਲੈਂਦੇ ਹਨ। ਇਕ ਖੋਜ ਮੁਤਾਬਕ ਫਾਈਬਰ ਅਤੇ ਕਾਰਬੋਹਾਈਡਰੇਟ ਨਾਲ ਭਰਪੂਰ ਭੋਜਨ ਬਲੂ ਜ਼ੋਨ ‘ਚ ਸ਼ਾਮਲ ਹੁੰਦੇ ਹਨ। ਇਸ ‘ਚ ਦੁਨੀਆ ਦੀਆਂ 5 ਅਜਿਹੀਆਂ ਥਾਵਾਂ ਬਾਰੇ ਦੱਸਿਆ ਗਿਆ ਹੈ ਜਿੱਥੇ ਲੋਕ ਸਭ ਤੋਂ ਲੰਬੀ ਸਿਹਤਮੰਦ ਜ਼ਿੰਦਗੀ ਜੀਉਂਦੇ ਹਨ। ਇਸ ‘ਚ ਨਾ ਸਿਰਫ਼ ਜਾਪਾਨੀ ਸਗੋਂ ਗ੍ਰੀਸ, ਇਟਲੀ, ਕੋਸਟਾ ਰੀਕਾ, ਕੈਲੀਫੋਰਨੀਆ ਦਾ Loma Linda ਵੀ ਸ਼ਾਮਲ ਹੈ।
ਦਾਲਾਂ, ਬੀਨਜ਼, ਸੁੱਕੇ ਮੇਵੇ, ਸਾਬਤ ਅਨਾਜ, ਜੜੀ-ਬੂਟੀਆਂ ਅਤੇ ਹਰੀਆਂ ਸਬਜ਼ੀਆਂ ਵਰਗੀਆਂ ਹਾਈ ਫਾਈਬਰ ਫੂਡਜ਼ ਬਲੂ ਜ਼ੋਨਸ ਡਾਇਟ ਦਾ ਮਹੱਤਵਪੂਰਨ ਹਿੱਸਾ ਹਨ। FDA ਦੇ ਅਨੁਸਾਰ ਹਰ ਇੱਕ ਵਿਅਕਤੀ ਨੂੰ ਰੋਜ਼ਾਨਾ 28 ਗ੍ਰਾਮ ਫਾਈਬਰ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਦਿਲ ਦੇ ਰੋਗ, ਕੈਂਸਰ, ਸ਼ੂਗਰ ਅਤੇ ਮੋਟਾਪੇ ਦੀ ਸੰਭਾਵਨਾ ਵੀ ਘੱਟ ਹੁੰਦੀ ਹੈ। ਆਓ ਅਸੀਂ ਤੁਹਾਨੂੰ ਕੁਝ ਅਜਿਹੇ ਫੂਡਜ਼ ਬਾਰੇ ਦੱਸਦੇ ਹਾਂ, ਜੋ ਤੁਹਾਨੂੰ ਸਿਹਤਮੰਦ ਰੱਖਣ ‘ਚ ਮਦਦ ਕਰਨਗੇ।
ਦਾਲਾਂ ਅਤੇ ਬੀਨਜ਼: ਛੋਲਿਆਂ ਤੋਂ ਲੈ ਕੇ ਦਾਲਾਂ ਤੱਕ, ਫਲ਼ੀਆਂ ਬਲੂ ਜ਼ੋਨ ਡਾਈਟ ਦਾ ਅਹਿਮ ਹਿੱਸਾ ਹਨ। ਬੀਨਜ਼ ‘ਚ ਪ੍ਰੋਟੀਨ, ਫੋਲੇਟ, ਫਾਈਬਰ ਅਤੇ ਆਇਰਨ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਅਨੀਮੀਆ ਤੋਂ ਬਚਾਉਂਦੇ ਹਨ ਅਤੇ ਭਾਰ ਵੀ ਕੰਟਰੋਲ ‘ਚ ਰੱਖਦੇ ਹਨ। ਇਸ ਦੇ ਲਈ ਤੁਸੀਂ ਡਾਈਟ ‘ਚ ਰਾਜਮਾ, ਛੋਲੇ, ਦਾਲ, ਮਟਰ ਆਦਿ ਨੂੰ ਸ਼ਾਮਿਲ ਕਰੋ।
ਨਟਸ: ਨਟਸ ਕੋਲੈਸਟ੍ਰੋਲ ਨੂੰ ਕੰਟਰੋਲ ਕਰਦਾ ਹੈ। ਇਨ੍ਹਾਂ ਦਾ ਨਿਯਮਤ ਸੇਵਨ ਦਿਲ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦਾ ਹੈ। ਸੁੱਕੇ ਮੇਵੇ ਜਿਵੇਂ ਬਦਾਮ, ਕਿਸ਼ਮਿਸ਼, ਕਾਜੂ, ਪਿਸਤਾ, ਅੰਜੀਰ, ਅਖਰੋਟ ਅਤੇ ਮੂੰਗਫਲੀ ਆਦਿ ਪਾਚਨ ਲਈ ਫਾਇਦੇਮੰਦ ਹੁੰਦੇ ਹਨ। ਇਸ ਦੇ ਨਾਲ ਹੀ ਸਵੇਰੇ ਭਿੱਜੇ ਹੋਏ ਬਦਾਮ ਖਾਣ ਨਾਲ ਯਾਦਦਾਸ਼ਤ ਅਤੇ ਅੱਖਾਂ ਤੇਜ਼ ਹੁੰਦੀਆਂ ਹਨ।
ਪੱਤੇਦਾਰ ਹਰੀਆਂ ਸਬਜ਼ੀਆਂ: ਕੇਲ, ਪਾਲਕ, ਸਾਗ ਅਤੇ ਸਵਿਸ ਚਰਡ ਜਿਹੀਆਂ ਹਰੀਆਂ ਸਬਜ਼ੀਆਂ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ। ਸਾਗ ਵਿਟਾਮਿਨ ਏ ਅਤੇ ਵਿਟਾਮਿਨ ਸੀ ਦਾ ਇੱਕ ਚੰਗਾ ਸਰੋਤ ਹੈ ਜੋ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਣ ‘ਚ ਮਦਦ ਕਰਦਾ ਹੈ।
ਸਾਬਤ ਅਨਾਜ: ਐਂਟੀਆਕਸੀਡੈਂਟਸ, ਫਾਈਬਰ, ਪ੍ਰੋਟੀਨ, ਵਿਟਾਮਿਨ ਬੀ, ਜ਼ਿੰਕ, ਕਾਪਰ, ਆਇਰਨ, ਮੈਗਨੀਸ਼ੀਅਮ ਨਾਲ ਭਰਪੂਰ ਸਾਬਤ ਅਨਾਜ ਪਾਚਨ ਕਿਰਿਆ ਨੂੰ ਸਹੀ ਰੱਖਦਾ ਹੈ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਨੂੰ ਰੋਕਦਾ ਹੈ। ਇਸ ਦੇ ਲਈ ਤੁਸੀਂ ਕਣਕ, ਜੌਂ, ਬ੍ਰਾਊਨ ਜਾਂ ਬਲੈਕ ਚੌਲ, ਮੱਕੀ, ਬਾਜਰਾ, ਕੁਇਨੋਆ ਖਾ ਸਕਦੇ ਹੋ।
ਬ੍ਰੋਕਲੀ: ਖੋਜ ਮੁਤਾਬਕ ਰੋਜ਼ਾਨਾ 1 ਕੱਪ ਬ੍ਰੋਕਲੀ ਖਾਣ ਨਾਲ ਕੈਂਸਰ ਦੀ ਸੰਭਾਵਨਾ ਬਹੁਤ ਹੱਦ ਤੱਕ ਘੱਟ ਜਾਂਦੀ ਹੈ। 100 ਗ੍ਰਾਮ ਬ੍ਰੋਕਲੀ ‘ਚ 2.6 ਗ੍ਰਾਮ ਫਾਈਬਰ ਹੁੰਦਾ ਹੈ ਜੋ ਡਾਈਜੇਸ਼ਨ ਲਈ ਵੀ ਚੰਗਾ ਹੁੰਦਾ ਹੈ।
ਅਲਸੀ ਦੇ ਬੀਜ: 100 ਗ੍ਰਾਮ ਫਲੈਕਸਸੀਡ ‘ਚ 27 ਗ੍ਰਾਮ ਫਾਈਬਰ ਹੁੰਦਾ ਹੈ। ਇਸ ‘ਚ ਫਾਈਬਰ, ਵਿਟਾਮਿਨ, ਕਾਪਰ, ਮੈਗਨੀਸ਼ੀਅਮ, ਫਾਸਫੋਰਸ, ਓਮੇਗਾ-3 ਫੈਟੀ ਐਸਿਡ ਵੀ ਹੁੰਦੇ ਹਨ ਜੋ ਕਈ ਬੀਮਾਰੀਆਂ ਤੋਂ ਬਚਾਉਣ ‘ਚ ਮਦਦਗਾਰ ਹੁੰਦੇ ਹਨ।
ਜੈਤੂਨ ਦਾ ਤੇਲ: ਜੈਤੂਨ ਦੇ ਤੇਲ ‘ਚ ਫੈਟੀ ਐਸਿਡ, ਐਂਟੀਆਕਸੀਡੈਂਟ ਅਤੇ ਓਲੀਓਰੋਪੀਨ ਵਰਗੇ ਮਿਸ਼ਰਣ ਹੁੰਦੇ ਹਨ ਜੋ ਸੋਜ ਨੂੰ ਘਟਾਉਣ ‘ਚ ਮਦਦ ਕਰ ਸਕਦੇ ਹਨ। ਤੇਲ ਦੀ ਵਰਤੋਂ ਸਲਾਦ ਅਤੇ ਸਬਜ਼ੀਆਂ ਪਕਾਉਣ ਲਈ ਕੀਤੀ ਜਾ ਸਕਦੀ ਹੈ। ਖੋਜ ਅਨੁਸਾਰ ਜੈਤੂਨ ਦਾ ਤੇਲ ਦਿਲ ਦੀ ਸਿਹਤ ਨੂੰ ਸੁਧਾਰ ਸਕਦਾ ਹੈ ਕਿਉਂਕਿ ਇਹ ਕੋਲੇਸਟ੍ਰੋਲ ਅਤੇ ਬਲੱਡ ਪ੍ਰੈਸ਼ਰ ਦੇ ਲੈਵਲ ਨੂੰ ਕੰਟਰੋਲ ‘ਚ ਰੱਖਣ ‘ਚ ਮਦਦ ਕਰ ਸਕਦਾ ਹੈ।
ਤਾਜ਼ੇ ਫਲ: ਤਾਜ਼ੇ ਫਲ ਜਿਵੇਂ ਨਾਸ਼ਪਾਤੀ, ਸਟ੍ਰਾਬੇਰੀ, ਰਸਬੇਰੀ ‘ਚ ਫਾਈਬਰ ਭਰਪੂਰ ਹੁੰਦਾ ਹੈ। ਫਾਈਬਰ ਤੋਂ ਇਲਾਵਾ ਇਨ੍ਹਾਂ ‘ਚ ਵਿਟਾਮਿਨ, ਥਿਆਮੀਨ, ਕੈਲਸ਼ੀਅਮ, ਰਿਬੋਫਲੇਵਿਨ, ਵਿਟਾਮਿਨ ਬੀ6 ਹੁੰਦਾ ਹੈ ਜੋ ਸਿਹਤਮੰਦ ਰਹਿਣ ਲਈ ਬਹੁਤ ਜ਼ਰੂਰੀ ਹੈ।