ਕੋਰੋਨਾ ਵਾਇਰਸ ਮਹਾਂਮਾਰੀ ਦਾ ਪੂਰੀ ਦੁਨੀਆ ਵਿੱਚ ਕਹਿਰ ਜਾਰੀ ਹੈ। ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਹੋਰ ਦੇਸ਼ਾਂ ਦੀ ਤਰ੍ਹਾਂ ਕੈਨੇਡਾ ਵਿੱਚ ਵੀ ਟੀਕਾਕਰਨ ਮੁਹਿੰਮ ਤੇਜ਼ੀ ਨਾਲ ਚਲਾਈ ਜਾ ਰਹੀ ਹੈ । ਇਸੇ ਵਿਚਾਲੇ ਕੈਨੇਡਾ ਸਰਕਾਰ ਵੱਲੋਂ ਟੀਕਾਕਰਨ ਨਾ ਕਰਵਾਉਣ ਵਾਲਿਆਂ ਖਿਲਾਫ਼ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ । ਟੀਕਾਕਰਨ ਨਾ ਕਰਵਾਉਣ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕਰਦਿਆਂ ਫੌਜ ਨੇ ਕਈ ਜਵਾਨਾਂ ਨੂੰ ਘਰਾਂ ਨੂੰ ਭੇਜ ਦਿੱਤਾ । ਕੁਝ ਜਵਾਨ ਅਜਿਹੇ ਵੀ ਹਨ ਜੋ ਆਪਣੀ ਮਰਜ਼ੀ ਨਾਲ ਫੌਜ ਦੀ ਨੌਕਰੀ ਛੱਡ ਗਏ ਤੇ ਕੁਝ ਜਵਾਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।
ਇਸ ਸਬੰਧੀ ਕੈਨੇਡਾ ਡਿਫੈਂਸ ਡਿਪਾਰਟਮੈਂਟ ਦੇ ਬੁਲਾਰੇ ਲੇ ਬੋਥਹਿਲੀਅਰ ਨੇ ਦੱਸਿਆ ਕਿ ਕੈਨੇਡਾ ਵਿੱਚ ਫੌਜ ਦੇ ਜਵਾਨਾਂ ਦਾ ਕੋਰੋਨਾ ਟੀਕਾਕਰਨ ਕੀਤਾ ਜਾ ਰਿਹਾ ਹੈ, ਪਰ ਬਹੁਤ ਸਾਰੇ ਜਵਾਨਾਂ ਵੱਲੋਂ ਵੈਕਸੀਨ ਲਗਵਾਉਣ ਤੋਂ ਟਾਲਾ ਵੱਟਿਆ ਜਾ ਰਿਹਾ ਸੀ, ਜਿਸ ਕਾਰਨ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ: ਪੰਜਾਬੀਆਂ ਲਈ ਵੱਡੇ ਮਾਣ ਵਾਲੀ ਖ਼ਬਰ, USA ਨੇ ਫਰਵਰੀ ਨੂੰ ਐਲਾਨਿਆ ਪੰਜਾਬੀ ਮਹੀਨਾ
ਉਨ੍ਹਾਂ ਦੱਸਿਆ ਕਿ ਕੋਰੋਨਾ ਟੀਕਾਕਰਨ ਨਾ ਕਰਵਾਉਣ ਵਾਲੇ 58 ਫੌਜ ਦੇ ਜਵਾਨਾਂ ਨੂੰ ਘਰ ਭੇਜ ਦਿੱਤਾ ਗਿਆ ਤੇ ਜਦਕਿ 246 ਤੋਂ ਵੱਧ ਜਵਾਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਉੱਥੇ ਹੀ ਇਨ੍ਹਾਂ ਵਿੱਚੋਂ 66 ਜਵਾਨ ਅਜਿਹੇ ਵੀ ਹਨ ਜਿਨ੍ਹਾਂ ਨੇ ਆਪਣੀ ਮਰਜ਼ੀ ਨਾਲ ਫੌਜ ਦੀ ਨੌਕਰੀ ਛੱਡ ਦਿੱਤੀ।
ਇਸ ਤੋਂ ਅੱਗੇ ਉਨ੍ਹਾਂ ਦੱਸਿਆ ਕਿ ਫੌਜ ਵੱਲੋਂ ਬੀਤੇ ਦਸੰਬਰ ਦੇ ਮਹੀਨੇ ਤੱਕ ਜਵਾਨਾਂ ਨੂੰ ਕੋਰੋਨਾ ਦਾ ਪੂਰਨ ਟੀਕਾਕਰਨ ਕਰਵਾਉਣ ਦੇ ਹੁਕਮ ਦਿੱਤੇ ਗਏ ਸਨ, ਪਰ ਕੁਝ ਜਵਾਨ ਇਸ ਤੋਂ ਟਾਲਾ ਵੱਟਦੇ ਆ ਰਹੇ ਹਨ। ਜਿਸ ਕਾਰਨ ਉਨ੍ਹਾਂ ਵਿਰੁੱਧ ਹੁਣ ਸਖਤ ਕਾਰਵਾਈ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: