ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਕੌਣ ਹੋਵੇਗਾ, ਇਸਦਾ ਐਲਾਨ ਐਤਵਾਰ ਨੂੰ ਲੁਧਿਆਣਾ ਵਿੱਚ ਕੀਤਾ ਜਾਵੇਗਾ। ਇਸਦੇ ਲਈ ਰਾਹੁਲ ਗਾਂਧੀ ਐਤਵਾਰ ਨੂੰ ਦਾਖਾ ਵਿੱਚ ਦੁਪਹਿਰ 2 ਵਜੇ ਵਰਚੁਅਲ ਰੈਲੀ ਰਾਹੀਂ ਕਾਂਗਰਸ ਦੇ CM ਫੇਸ ਦਾ ਐਲਾਨ ਕਰਨਗੇ। ਇਸਦੀ ਪੁਸ਼ਟੀ ਕਾਂਗਰਸ ਪ੍ਰਦੇਸ਼ ਇੰਚਾਰਜ ਹਰੀਸ਼ ਚੌਧਰੀ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਰਾਹੁਲ ਗਾਂਧੀ 6 ਫਰਵਰੀ ਯਾਨੀ ਕਿ ਐਤਵਾਰ ਨੂੰ ਲੁਧਿਆਣਾ ਵਿੱਚ ਵਰਚੁਅਲ ਰੈਲੀ ਨੂੰ ਸੰਬੋਧਿਤ ਕਰਨਗੇ ਤੇ ਮੁੱਖ ਮੰਤਰੀ ਚਿਹਰੇ ਦਾ ਵੀ ਐਲਾਨ ਕੀਤਾ ਜਾਵੇਗਾ ।
ਉਨ੍ਹਾਂ ਦੱਸਿਆ ਕਿ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਲਈ ਚਾਰ ਵਿਕਲਪ ਰੱਖੇ ਗਏ ਹਨ । ਜਿਸ ਵਿੱਚ ਪਹਿਲਾ ਵਿਕਲਪ ਚਰਨਜੀਤ ਸਿੰਘ ਚੰਨੀ, ਦੂਜਾ ਨਵਜੋਤ ਸਿੱਧੂ, ਤੀਜਾ ਦੋਹਾਂ ਮੰਤਰੀਆਂ ਨੂੰ ਢਾਈ-ਢਾਈ ਸਾਲ ਲਈ CM ਬਣਾਇਆ ਜਾ ਸਕਦਾ ਹੈ। ਪਹਿਲਾਂ ਕੌਣ ਬਣੇਗਾ ਇਸਦਾ ਫੈਸਲਾ ਚੁਣ ਕੇ ਆਏ MLA ਕਰਨਗੇ। ਇਸ ਤੋਂ ਇਲਾਵਾ ਚੌਥਾ ਵਿਕਲਪ ਕੋਈ ਚਿਹਰਾ ਨਾ ਦੇਣ ਦਾ ਹੈ।
ਇਹ ਵੀ ਪੜ੍ਹੋ: ਕਿਲ੍ਹਾ ਰਾਏਪੁਰ ਤੋਂ ਸਾਬਕਾ ਕਾਂਗਰਸੀ ਵਿਧਾਇਕ ਜਸਬੀਰ ਸਿੰਘ ਖੰਗੂੜਾ ‘ਆਪ’ ‘ਚ ਸ਼ਾਮਲ
ਹਰੀਸ਼ ਚੌਧਰੀ ਨੇ ਦੱਸਿਆ ਕਿ ਸੂਬੇ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਤੋਂ ਪਾਰਟੀ ਦੇ ਉਮੀਦਵਾਰ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦਿਆਂ ਤੈਅ ਗਿਣਤੀ ਵਿੱਚ ਪਾਰਟੀ ਵਰਕਰਾਂ ਤੇ ਲੋਕਾਂ ਨੂੰ ਵਰਚੁਅਲ ਰੈਲੀ ਨਾਲ ਜੋੜਨਗੇ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਤੇ ਚਰਨਜੀਤ ਚੰਨੀ ਨੇ ਰਾਹੁਲ ਗਾਂਧੀ ਨੂੰ ਭਰੋਸਾ ਦਿਵਾਇਆ ਹੈ ਕਿ ਜਿਸਨੂੰ ਵੀ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਵੇਗਾ, ਦੂਜਾ ਉਸਨੂੰ ਸਵੀਕਾਰ ਕਰੇਗਾ ਤੇ ਪੂਰੀ ਤਨਦੇਹੀ ਨਾਲ ਕੰਮ ਕਰੇਗਾ।
ਦੱਸ ਦੇਈਏ ਕਿ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦੋਵੇਂ ਹੀ ਮੁੱਖ ਮੰਤਰੀ ਦੇ ਚਿਹਰੇ ਦੇ ਦਾਅਵੇਦਾਰ ਹਨ । ਕਾਂਗਰਸ ਪਾਰਟੀ ਵੱਲੋਂ ਮੋਬਾਈਲ ‘ਤੇ ਕਰਵਾਏ ਜਾ ਰਹੇ ਸਰਵੇਖਣ ਵਿੱਚ ਇਨ੍ਹਾਂ ਦੋਵਾਂ ਵਿੱਚੋਂ ਕਿਸੇ ਨੂੰ ਮੁੱਖ ਮੰਤਰੀ ਚੁਣਨ ਜਾਂ ਨਾ ਚੁਣਨ ਦਾ ਵਿਕਲਪ ਦਿੱਤਾ ਗਿਆ ਹੈ। ਹਾਲਾਂਕਿ ਪਾਰਟੀ ਲਗਾਤਾਰ ਇਹ ਸੰਕੇਤ ਦੇ ਰਹੀ ਹੈ ਕਿ ਚਰਨਜੀਤ ਸਿੰਘ ਚੰਨੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦਾ ਮੁੱਖ ਮੰਤਰੀ ਦਾ ਚਿਹਰਾ ਹੋਣਗੇ।
ਵੀਡੀਓ ਲਈ ਕਲਿੱਕ ਕਰੋ -: