ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਪਹਿਲੇ ਪੜਾਅ ਲਈ ਵੀਰਵਾਰ ਨੂੰ ਵੋਟਿੰਗ ਹੋ ਰਹੀ ਹੈ । ਕੜੀ ਸੁਰੱਖਿਆ ਵਿਚਾਲੇ ਸੂਬੇ ਦੇ 11 ਜ਼ਿਲ੍ਹਿਆਂ ਦੀਆਂ 58 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਚੋਣਾਂ ਦੇ ਪਹਿਲੇ ਪੜਾਅ ਵਿੱਚ ਕੁੱਲ 623 ਉਮੀਦਵਾਰ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ । ਇਸ ਦੇ ਨਾਲ ਹੀ ਯੋਗੀ ਸਰਕਾਰ ਦੇ 9 ਮੰਤਰੀਆਂ ਦੀ ਕਿਸਮਤ ਦਾ ਫੈਸਲਾ ਵੀ ਪਹਿਲੇ ਪੜਾਅ ਦੀਆਂ ਚੋਣਾਂ ਵਿੱਚ ਹੋਵੇਗਾ ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਇਨ੍ਹਾਂ 58 ਵਿੱਚੋਂ 53 ਸੀਟਾਂ ਜਿੱਤੀਆਂ ਸਨ । ਇਸ ਵਾਰ ਹਰ ਸੀਟ ‘ਤੇ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ । ਪੱਛਮੀ ਉੱਤਰ ਪ੍ਰਦੇਸ਼ ਦੀਆਂ ਜ਼ਿਆਦਾਤਰ ਸੀਟਾਂ ‘ਤੇ ਵੋਟਿੰਗ ਹੋਣੀ ਹੈ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਪਹਿਲੇ ਪੜਾਅ ਵਿੱਚ ਸ਼ਾਮਲੀ, ਹਾਪੁੜ, ਗੌਤਮ ਬੁੱਧ ਨਗਰ, ਮੁਜ਼ੱਫਰਨਗਰ, ਮੇਰਠ, ਬਾਗਪਤ, ਗਾਜ਼ੀਆਬਾਦ, ਬੁਲੰਦਸ਼ਹਿਰ, ਅਲੀਗੜ੍ਹ, ਮਥੁਰਾ ਅਤੇ ਆਗਰਾ ਜ਼ਿਲ੍ਹਿਆਂ ਦੀਆਂ ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਪੈ ਰਹੀਆਂ ਹਨ।
ਇਹ ਵੀ ਪੜ੍ਹੋ: ਸੰਤ ਸਮਾਜ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਹਮਾਇਤ ਦਾ ਵੱਡਾ ਐਲਾਨ
ਦੱਸ ਦੇਈਏ ਕਿ ਕੋਰੋਨਾ ਦੇ ਮੱਦੇਨਜ਼ਰ ਵੋਟਿੰਗ ਕੇਂਦਰਾਂ ‘ਤੇ ਥਰਮਲ ਸਕੈਨਰ, ਸੈਨੇਟਾਈਜ਼ਰ, ਗਲਵਜ਼, ਫੇਸ ਮਾਸਕ, ਫੇਸ ਸ਼ੀਲਡ, ਪੀ.ਪੀ.ਈ. ਕਿੱਟਾਂ ਦੀ ਵਿਵਸਥਾ ਕੀਤੀ ਗਈ ਹੈ। ਪਹਿਲੇ ਗੜੇ ਵਿੱਚ ਹੋਣ ਵਾਲੀ ਵੋਟਿੰਗ ਵਿੱਚ 2.28 ਕਰੋੜ ਯੋਗ ਵੋਟਰ ਹਨ । ਇਨ੍ਹਾਂ ਵਿੱਚੋਂ 1.24 ਕਰੋੜ ਪੁਰਸ਼, 1.04 ਕਰੋੜ ਔਰਤਾਂ ਅਤੇ 1448 ਟਰਾਂਸਜੈਂਡਰ ਵੋਟਰ ਹਨ। ਵੋਟਰ ਪਛਾਣ ਪੱਤਰ ਨਾ ਹੋਣ ‘ਤੇ ਆਧਾਰ ਕਾਰਡ, ਮਨਰੇਗਾ ਜੌਬ ਕਾਰਡ, ਪੈਨ ਕਾਰਡ ਅਤੇ ਡਰਾਈਵਿੰਗ ਲਾਇਸੈਂਸ ਸਮੇਤ 12 ਵਿਕਲਪਾਂ ਦੀ ਵਰਤੋਂ ਕਰ ਕੇ ਵੋਟ ਪਾ ਸਕੇਗਾ। ਜ਼ਿਕਰਯੋਗ ਹੈ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਦੀਆਂ 58 ਵਿੱਚੋਂ 53 ਸੀਟਾਂ ‘ਤੇ ਭਾਜਪਾ ਨੇ ਜਿੱਤ ਹਾਸਿਲ ਕੀਤੀ ਸੀ, ਜਦੋਂ ਕਿ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਨੂੰ 2-2 ਸੀਟਾਂ ਮਿਲੀਆਂ ਸਨ ।
ਵੀਡੀਓ ਲਈ ਕਲਿੱਕ ਕਰੋ -: