ਹਰਿਆਣਾ ਦੇ ਅੰਬਾਲਾ ਵਿੱਚ ਇੱਕ ਵਿਆਹ ਵਿੱਚ ਵਕੀਲ ਦੁਲਹਨ ਨੇ ਅਨੋਖੀ ਮਿਸਾਲ ਕਾਇਮ ਕੀਤੀ ਹੈ । ਲਾੜੀ ਪ੍ਰਿਆ ਹੱਥ ਵਿੱਚ ਤਲਵਾਰ ਲੈ ਕੇ ਘੋੜੇ ‘ਤੇ ਸਵਾਰ ਹੋ ਕੇ ਵਿਆਹ ਕਰਵਾਉਣ ਲਈ ਲਾੜੇ ਦੇ ਘਰ ਪਹੁੰਚੀ । ਇਸ ਦੌਰਾਨ ਪਿੱਛੇ-ਪਿੱਛੇ ਬਰਾਤ ਚੱਲ ਰਹੀ ਸੀ। ਇਸ ਵਿੱਚ ਲਾੜੀ ਅਤੇ ਲਾੜੇ ਪੱਖ ਦੇ ਲੋਕ ਸ਼ਾਮਿਲ ਸਨ। ਹਰ ਕੋਈ ਢੋਲ ਦੀ ਤਾਲ ‘ਤੇ ਨੱਚ ਰਿਹਾ ਸੀ। ਬਰਾਤ ਲੈ ਕੇ ਲਾੜੇ ਦੇ ਘਰ ਪੁੱਜੀ ਲਾੜੀ ਦੇ ਨਾਲ ਉਸ ਦੇ ਮਾਤਾ-ਪਿਤਾ ਅਤੇ ਹੋਰ ਰਿਸ਼ਤੇਦਾਰ ਵੀ ਸਨ।
ਇਸ ਬਾਰੇ ਦੁਲਹਨ ਪ੍ਰਿਆ ਨੇ ਕਿਹਾ ਕਿ ਉਹ ਬਹੁਤ ਖੁਸ਼ ਹੈ। ਉਸ ਦੀ ਬਚਪਨ ਦੀ ਇੱਛਾ ਪੂਰੀ ਹੋ ਗਈ ਹੈ। ਇਹ ਮੌਕਾ ਆਮ ਤੌਰ ‘ਤੇ ਲੜਕਿਆਂ ਦੀ ਜ਼ਿੰਦਗੀ ਵਿੱਚ ਆਉਂਦਾ ਹੈ। ਪਰ, ਸਾਡੇ ਘਰ ਮੇਰੇ ਮਾਪਿਆਂ ਨੇ ਮੈਨੂੰ ਮੁੰਡੇ ਦੀ ਤਰ੍ਹਾਂ ਪਾਲਿਆ ਹੈ । ਦੱਸ ਦੇਈਏ ਕਿ ਭਾਰਤੀ ਰਿਵਾਜਾਂ ਵਿੱਚ ਲਾੜਾ ਘੋੜੇ ‘ਤੇ ਸਵਾਰ ਹੋ ਕੇ ਲਾੜੀ ਦੇ ਘਰ ਪਹੁੰਚਦਾ ਹੈ।
ਇਹ ਵੀ ਪੜ੍ਹੋ: ਲਖੀਮਪੁਰ ਖੀਰੀ ਮਾਮਲੇ ਦੇ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ
ਪ੍ਰਿਆ ਨੇ ਕਿਹਾ ਕਿ ਉਸ ਦੇ ਪਿਤਾ ਨੇ ਹੀ ਉਸ ਨੂੰ ਕਾਨੂੰਨ ਦੀ ਪੜ੍ਹਾਈ ਕਰਨ ਲਈ ਉਤਸ਼ਾਹਿਤ ਕੀਤਾ, ਭਾਵੇਂ ਪਰਿਵਾਰ ਦੇ ਬਹੁਤ ਸਾਰੇ ਲੋਕ ਇਸ ਦੇ ਵਿਰੁੱਧ ਸਨ । ਉਸ ਨੇ ਕਿਹਾ ਕਿ ਜਦੋਂ ਮੈਂ ਕਾਨੂੰਨ ਦੀ ਪੜ੍ਹਾਈ ਕਰਨਾ ਚਾਹੁੰਦੀ ਸੀ ਤਾਂ ਮੇਰੇ ਪਰਿਵਾਰ ਦੇ ਕਈ ਲੋਕਾਂ ਨੇ ਮੈਨੂੰ ਕਿਹਾ ਕਿ ਕੁੜੀਆਂ ਨੂੰ ਕਾਨੂੰਨ ਦੀ ਪੜ੍ਹਾਈ ਨਹੀਂ ਕਰਨੀ ਚਾਹੀਦੀ। ਪਰ, ਮੇਰੇ ਪਿਤਾ ਨੇ ਸਾਰਿਆਂ ਨੂੰ ਕਿਹਾ ਕਿ ਉਹ ਯਕੀਨੀ ਬਣਾਉਣਗੇ ਕਿ ਮੈਂ ਕਾਨੂੰਨ ਦੀ ਪੜ੍ਹਾਈ ਕਰਾਂ ਅਤੇ ਵਕੀਲ ਬਣਾਂ।
ਦੱਸ ਦੇਈਏ ਕਿ ਇਸ ਬਾਰੇ ਲਾੜੀ ਦੇ ਪਿਤਾ ਨੇ ਦੱਸਿਆ ਕਿ ਅੱਜ ਤੱਕ ਸਾਡੇ ਪਰਿਵਾਰ ਅਤੇ ਭਾਈਚਾਰੇ ਵਿੱਚ ਅਜਿਹੀ ਰਸਮ ਕਦੇ ਨਹੀਂ ਹੋਈ । ਅੱਜ ਦੇ ਸਮੇਂ ਵਿੱਚ ਕੁੜੀਆਂ ਨੂੰ ਵੀ ਮੁੰਡਿਆਂ ਦੀ ਤਰ੍ਹਾਂ ਬਰਾਬਰੀ ਦੇ ਅਧਿਕਾਰ ਮਿਲਣੇ ਚਾਹੀਦੇ ਹਨ। ਮੁੰਡਾ-ਕੁੜੀ ਨੂੰ ਬਰਾਬਰ ਕਿਹਾ ਜਾਂਦਾ ਹੈ, ਪਰ ਅਸਲ ਵਿੱਚ ਸਮਝਿਆ ਨਹੀਂ ਜਾਂਦਾ । ਮੈਂ ਹਮੇਸ਼ਾ ਆਪਣੀ ਧੀ ਨੂੰ ਆਪਣੇ ਪੁੱਤਰ ਨਾਲੋਂ ਵੱਧ ਪਿਆਰ ਕੀਤਾ ਹੈ। ਪੁੱਤਰਾਂ ਵਾਂਗ ਧੀਆਂ ਨੂੰ ਵੀ ਬਰਾਬਰ ਪਿਆਰ ਦਾ ਦਰਜਾ ਮਿਲਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -: