ਪੰਜਾਬ ਵਿਧਾਨ ਸਭਾ ਚੋਣਾਂ ਨੂੰ ਹੁਣ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਇਨ੍ਹਾਂ ਚੋਣਾਂ ਵਿੱਚ ਹੁਣ ਡੇਰਾ ਸੱਚਾ ਸੌਦਾ ਦੀ ਐਂਟਰੀ ਹੋ ਗਈ ਹੈ। ਚੋਣਾਂ ਦੇ ਮੌਜੂਦਾ ਮਾਹੌਲ ਵਿਚਾਲੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਜੇਲ੍ਹ ਵਿੱਚੋਂ ਰਿਹਾਈ ਤੋਂ ਬਾਅਦ ਚੋਣ ਮੈਦਾਨ ਵਿੱਚ ਨਿੱਤਰੀਆਂ ਸਾਰੀਆਂ ਸਿਆਸੀ ਪਾਰਟੀਆਂ ਅਤੇ ਆਗੂਆਂ ਦੀਆਂ ਨਜ਼ਰਾਂ ਡੇਰਾ ਮੁਖੀ ਰਾਮ ਰਹੀਮ ਦੇ ਐਲਾਨ ‘ਤੇ ਟਿਕੀਆਂ ਹੋਈਆਂ ਹਨ । ਰਿਪੋਰਟਾਂ ਅਨੁਸਾਰ ਪਿਛਲੀਆਂ ਸਾਰੀਆਂ ਚੋਣਾਂ ਵਿੱਚ ਡੇਰਾ ਮੁਖੀ ਦਾ ਐਲਾਨ ਜਿੱਤ-ਹਾਰ ਦੀ ਖੇਡ ਵਿੱਚ ਵੱਡੀ ਤਬਦੀਲੀ ਲਿਆਉਂਦਾ ਰਿਹਾ ਹੈ।
ਰਿਪੋਰਟਾਂ ਅਨੁਸਾਰ ਡੇਰਾ ਸੱਚਾ ਸੌਦਾ ਵੱਲੋਂ ਇਸ ਵਾਰ 18 ਫਰਵਰੀ ਦੀ ਸ਼ਾਮ ਨੂੰ ਵੱਡਾ ਐਲਾਨ ਕੀਤਾ ਜਾ ਸਕਦਾ ਹੈ। ਜਿਸ ਵਿੱਚ ਦੱਸਿਆ ਜਾਵੇਗਾ ਕਿ ਪੰਜਾਬ ਚੋਣਾਂ ਵਿੱਚ ਇਸ ਵਾਰ ਡੇਰਾ ਪ੍ਰੇਮੀ ਕਿਸ ਸਿਆਸੀ ਪਾਰਟੀ ਨੂੰ ਆਪਣਾ ਸਮਰਥਨ ਦੇਣਗੇ । ਇਸ ਵਾਰ ਇਹ ਐਲਾਨ ਜਨਤਕ ਤੌਰ ‘ਤੇ ਨਾ ਹੋ ਕੇ ਸਿਰਫ਼ ਡੇਰਾ ਪ੍ਰੇਮੀਆਂ ਤੱਕ ਸੰਦੇਸ਼ ਦੇ ਰੂਪ ਵਿੱਚ ਹੀ ਪਹੁੰਚੇਗਾ। ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਨੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਗਠਜੋੜ ਦਾ ਸਮਰਥਨ ਕੀਤਾ ਸੀ। ਜਿਸ ਕਾਰਨ ਆਮ ਆਦਮੀ ਪਾਰਟੀ ਨੂੰ ਨੁਕਸਾਨ ਚੁੱਕਣਾ ਪਿਆ ਸੀ ।
ਦੱਸ ਦੇਈਏ ਕਿ ਡੇਰਾ ਸਮਰਥਕਾਂ ਅਨੁਸਾਰ ਡੇਰੇ ਦਾ ਸਿਆਸੀ ਵਿੰਗ 18 ਫਰਵਰੀ ਦੀ ਸ਼ਾਮ ਨੂੰ ਡੇਰਾ ਮੁਖੀ ਦੇ ਫੈਸਲੇ ਨੂੰ ਡੇਰਾ ਪ੍ਰੇਮੀਆਂ ਤੱਕ ਪਹੁੰਚਾ ਸਕਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਚੋਣ ਪ੍ਰਚਾਰ 18 ਫਰਵਰੀ ਦੀ ਸ਼ਾਮ ਨੂੰ ਖਤਮ ਹੋ ਜਾਵੇਗਾ ਅਤੇ 20 ਫਰਵਰੀ ਨੂੰ ਵੋਟਾਂ ਪੈਣੀਆਂ ਹਨ । ਇਸ ਸਮੇਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਜੋ ਸਰਵੇਖਣ ਕਰਕੇ ਆਪਣੀ ਰਿਪੋਰਟ ਸਿਆਸੀ ਵਿੰਗ ਨੂੰ ਸੌਂਪਣਗੀਆਂ ।
ਵੀਡੀਓ ਲਈ ਕਲਿੱਕ ਕਰੋ -: