ਕਰਨਾਟਕ ਕਾਂਗਰਸ ਦੇ ਵਿਧਾਇਕ ਜ਼ਮੀਰ ਅਹਿਮਦ ਖਾਨ ਨੇ ਆਪਣੇ ਉਸ ਬਿਆਨ ਲਈ ਮੁਆਫੀ ਮੰਗੀ ਹੈ ਜਿਸ ਵਿੱਚ ਉਨ੍ਹਾਂ ਨੇ ਭਾਰਤ ਵਿੱਚ ਬਲਾਤਕਾਰ ਦੇ ਮਾਮਲਿਆਂ ਦੀ ਤੁਲਨਾ ਮਹਿਲਾਵਾਂ ਨਾਲ ਪਰਦਾ ਨਾ ਕਰਨ ਜਾਂ ਆਪਣਾ ਮੂੰਹ ਨਾ ਢੱਕਣ ਨਾਲ ਨਹੀਂ ਕੀਤੀ ਸੀ । ਅਹਿਮਦ ਖਾਨ ਨੇ ਹਾਲ ਹੀ ਵਿੱਚ ਮਹਿਲਾਵਾਂ ਨੂੰ ਪਰਦਾ ਕਰਨ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ ਕਾਫੀ ਆਲੋਚਨਾ ਵੀ ਹੋ ਰਹੀ ਸੀ।
ਆਲੋਚਨਾ ਹੋਣ ਤੋਂ ਬਾਅਦ ਵਿਧਾਇਕ ਨੇ ਟਵੀਟ ਕਰਕੇ ਆਪਣੇ ਬਿਆਨ ਲਈ ਮੁਆਫੀ ਮੰਗੀ ਹੈ ਅਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਮੈਂ ਆਪਣੇ ਦੇਸ਼ ਵਿੱਚ ਮਹਿਲਾਵਾਂ ‘ਤੇ ਵਧਦੇ ਅੱਤਿਆਚਾਰ ਅਤੇ ਬਲਾਤਕਾਰ ਦੇ ਮਾਮਲਿਆਂ ਨੂੰ ਦੇਖ ਕੇ ਚਿੰਤਤ ਅਤੇ ਡਰਿਆ ਹੋਇਆ ਹਾਂ। ਸਾਡੇ ਸਮਾਜ ਦੀ ਇਸ ਹਾਲਤ ਨੂੰ ਦੇਖਦੇ ਹੋਏ ਮੈਂ ਕਿਹਾ ਕਿ ਘੱਟੋ-ਘੱਟ ਬੁਰਕਾ-ਹਿਜਾਬ ਨਾਲ ਅਸੀਂ ਬਲਾਤਕਾਰ ਨੂੰ ਤਾਂ ਰੋਕ ਸਕਦੇ ਹਾਂ । ਇਸ ਦਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਜਾਂ ਨਿਰਾਦਰ ਕਰਨਾ ਨਹੀਂ ਸੀ । ਜੇਕਰ ਮੇਰੇ ਬਿਆਨ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਉਨ੍ਹਾਂ ਤੋਂ ਮੁਆਫੀ ਮੰਗਦਾ ਹਾਂ।
ਜ਼ਮੀਰ ਅਹਿਮਦ ਖਾਨ ਨੇ ਅੱਗੇ ਕਿਹਾ ਕਿ ਦੇਸ਼ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਵਾਪਰਦੀਆਂ ਹਨ, ਭਾਵੇਂ ਮਹਿਲਾਵਾਂ ਕੁਝ ਵੀ ਪਾਉਣ । ਕੱਪੜੇ ਕਿਸੇ ਵੀ ਤਰ੍ਹਾਂ ਇਸ ਦਾ ਕਾਰਨ ਨਹੀਂ ਹਨ। ਅਸਲ ਕਾਰਨ ਕੁਝ ਮਰਦਾਂ ਦੀ ਬਲਾਤਕਾਰੀ ਮਾਨਸਿਕਤਾ ਹੈ। ਮਰਦਾਂ ਨੂੰ ਹੀ ਆਪਣੀ ਸੋਚ ਬਦਲਣੀ ਚਾਹੀਦੀ ਹੈ।”
ਦੱਸ ਦੇਈਏ ਕਿ ਕਰਨਾਟਕ ਤੋਂ ਸ਼ੁਰੂ ਹੋਇਆ ਹਿਜਾਬ ਵਿਵਾਦ ਹੁਣ ਪੂਰੇ ਦੇਸ਼ ਵਿੱਚ ਫੈਲ ਗਿਆ ਹੈ। ਇਸ ਮੁੱਦੇ ‘ਤੇ ਰਾਜਨੇਤਾ ਅਤੇ ਵੱਖ-ਵੱਖ ਰਾਜਾਂ ਦੇ ਲੋਕ ਆਪਣੀ ਰਾਏ ਦੇ ਰਹੇ ਹਨ। ਅਜਿਹੇ ਵਿੱਚ ਇਸ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਜ਼ਮੀਰ ਅਹਿਮਦ ਖਾਨ ਨੇ ਵਿਵਾਦਿਤ ਬਿਆਨ ਦਿੰਦਿਆਂ ਕਿਹਾ ਸੀ ਕਿ ਹਿਜਾਬ ਦਾ ਸੰਕਲਪ ਜਦੋਂ ਕੁੜੀਆਂ ਵੱਡੀਆਂ ਹੋ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਆਪਣੀ ਸੁੰਦਰਤਾ ਨੂੰ ਛੁਪਾਉਣ ਲਈ ‘ਪਰਦੇ’ ਦੇ ਪਿੱਛੇ ਰੱਖਣਾ ਹੈ। ਉਨ੍ਹਾਂ ਦੀ ਸੁੰਦਰਤਾ ਦਿਖਾਈ ਨਹੀਂ ਦੇਣੀ ਚਾਹੀਦੀ । ਉਨ੍ਹਾਂ ਕਿਹਾ ਸੀ ਕਿ ਮੈਨੂੰ ਲੱਗਦਾ ਹੈ ਕਿ ਭਾਰਤ ਵਿੱਚ ਦੁਨੀਆ ਵਿੱਚ ਸਭ ਤੋਂ ਵੱਧ ਬਲਾਤਕਾਰ ਦੇ ਮਾਮਲੇ ਇਸ ਲਈ ਸਾਹਮਣੇ ਆਉਂਦੇ ਹਨ ਕਿਉਂਕਿ ਮਹਿਲਾਵਾਂ ਪਰਦਾ ਨਹੀਂ ਕਰ ਰਹੀਆਂ।
ਵੀਡੀਓ ਲਈ ਕਲਿੱਕ ਕਰੋ -: