ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘੁਟਾਲੇ ਦੇ ਡੋਰੰਡਾ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ । ਇਹ ਮਾਮਲਾ ਡੋਰੰਡਾ ਖ਼ਜ਼ਾਨੇ ਵਿੱਚੋਂ 139 ਕਰੋੜ ਰੁਪਏ ਦੀ ਗ਼ੈਰਕਾਨੂੰਨੀ ਨਿਕਾਸੀ ਨਾਲ ਸਬੰਧਤ ਹੈ । ਰਾਂਚੀ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਇਹ ਫੈਸਲਾ ਸੁਣਾਇਆ ਹੈ। ਇਸ ਮਾਮਲੇ ਵਿੱਚ ਸਜ਼ਾ ਦਾ ਐਲਾਨ 21 ਫਰਵਰੀ (ਸੋਮਵਾਰ) ਨੂੰ ਕੀਤਾ ਜਾਵੇਗਾ । ਜੇਕਰ ਤਿੰਨ ਸਾਲ ਤੋਂ ਘੱਟ ਦੀ ਸਜ਼ਾ ਹੁੰਦੀ ਹੈ ਤਾਂ ਇੱਥੋਂ ਹੀ ਲਾਲੂ ਨੂੰ ਜ਼ਮਾਨਤ ਮਿਲ ਜਾਵੇਗੀ। ਅਜਿਹਾ ਨਾ ਹੋਣ ‘ਤੇ ਲਾਲੂ ਨੂੰ ਹਿਰਾਸਤ ਵਿੱਚ ਲੈ ਲਿਆ ਜਾਵੇਗਾ।
ਇਸ ਮਾਮਲੇ ਵਿੱਚ ਲਾਲੂ ਸਮੇਤ ਹੋਰਾਂ ਨੂੰ ਵੀ ਦੋਸ਼ੀ ਸਨ । ਸੀਬੀਆਈ ਅਦਾਲਤ ਨੇ 24 ਨੂੰ ਬਰੀ ਕਰ ਦਿੱਤਾ ਹੈ, ਜਦਕਿ 36 ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਮਾਮਲੇ ਵਿੱਚ ਸਾਬਕਾ ਸੰਸਦ ਮੈਂਬਰ ਜਗਦੀਸ਼ ਸ਼ਰਮਾ, ਪੀਏਸੀ ਦੇ ਤਤਕਾਲੀ ਪ੍ਰਧਾਨ ਧਰੁਵ ਭਗਤ ਨੂੰ ਵੀ ਦੋਸ਼ੀ ਠਹਿਰਾਇਆ ਗਿਆ ਹੈ। ਉਨ੍ਹਾਂ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ। ਲੋਅਰ ਕੋਰਟ ਦੇ ਟ੍ਰੈਕ ਰਿਕਾਰਡ ‘ਤੇ ਨਜ਼ਰ ਮਾਰੀ ਜਾਵੇ ਤਾਂ ਚਾਰਾ ਘੁਟਾਲੇ ਨਾਲ ਜੁੜੇ ਪਿਛਲੇ ਮਾਮਲਿਆਂ ਵਿੱਚ ਲਾਲੂ ਯਾਦਵ ਨੂੰ ਤਿੰਨ ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਲਾਲੂ ਪ੍ਰਸਾਦ ਨੂੰ ਚਾਰਾ ਘੁਟਾਲੇ ਨਾਲ ਸਬੰਧਿਤ ਚਾਰ ਮਾਮਲਿਆਂ ਵਿੱਚ ਕਰੀਬ 14 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਹ ਮਾਮਲੇ ਦੁਮਕਾ, ਦੇਵਘਰ ਅਤੇ ਚਾਈਬਾਸਾ ਖ਼ਜ਼ਾਨੇ ਨਾਲ ਸਬੰਧਤ ਸਨ । ਸਜ਼ਾ ਦੇ ਨਾਲ-ਨਾਲ ਉਨ੍ਹਾਂ ਨੂੰ 60 ਲੱਖ ਦਾ ਜੁਰਮਾਨਾ ਵੀ ਭਰਨਾ ਪਿਆ ਸੀ । ਫਿਲਹਾਲ ਲਾਲੂ ਯਾਦਵ ਜ਼ਮਾਨਤ ‘ਤੇ ਬਾਹਰ ਹਨ।
ਗੌਰਤਲਬ ਹੈ ਕਿ ਲਾਲੂ ਪ੍ਰਸਾਦ ਯਾਦਵ ਦੀ ਸਿਹਤ ਫਿਲਹਾਲ ਠੀਕ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਸੀਬੀਆਈ ਅਦਾਲਤ ਇਸ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੂੰ ਕੁਝ ਰਾਹਤ ਦੇ ਸਕਦੀ ਹੈ। ਹਾਲਾਂਕਿ ਪਿਛਲੇ ਮਾਮਲਿਆਂ ਨੂੰ ਦੇਖਦੇ ਹੋਏ ਲਾਲੂ ਯਾਦਵ ਨੂੰ ਸੀਬੀਆਈ ਅਦਾਲਤ ਤੋਂ ਰਾਹਤ ਨਹੀਂ ਮਿਲੀ ਸੀ । ਚਾਰਾ ਘੁਟਾਲੇ ਨਾਲ ਸਬੰਧਤ ਪਿਛਲੇ ਮਾਮਲਿਆਂ ਵਿੱਚ ਲਾਲੂ ਨੂੰ ਪੰਜ ਤੋਂ ਸੱਤ ਸਾਲ ਦੀ ਸਜ਼ਾ ਹੋਈ ਸੀ। ਫਿਰ ਬਾਅਦ ਵਿੱਚ ਲਾਲੂ ਨੂੰ ਹਾਈਕੋਰਟ ਤੋਂ ਰਾਹਤ ਮਿਲੀ ਸੀ ।
ਵੀਡੀਓ ਲਈ ਕਲਿੱਕ ਕਰੋ -: