ਐਤਵਾਰ ਸ਼ਾਮ ਨੂੰ ਪੰਜਾਬ ਵਿਧਾਨ ਸਭਾ ਦੀਆਂ ਸਾਰੀਆਂ 117 ਸੀਟਾਂ ਲਈ ਵੋਟਿੰਗ ਖਤਮ ਹੋ ਗਈ ਹੈ । ਇਸ ਦੌਰਾਨ ਅਧਿਕਾਰਿਕ ਅੰਕੜਿਆਂ ਅਨੁਸਾਰ ਪੰਜਾਬ ਵਿੱਚ 71.95 ਫੀਸਦੀ ਪੋਲਿੰਗ ਦਰਜ ਕੀਤੀ ਗਈ । ਇਸ ਵਾਰ ਕਾਂਗਰਸ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਬਣੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੋ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜ ਰਹੇ ਸਨ । ਜਿਸ ‘ਤੇ ਉਨ੍ਹਾਂ ਨੇ ਦਾਅਵਾ ਕਰਦਿਆਂ ਕਿਹਾ ਹੈ ਕਿ ਉਹ ਦੋਵੇਂ ਵਿਧਾਨ ਸਭਾ ਹਲਕਿਆਂ ਤੋਂ ਜਿੱਤ ਰਹੇ ਹਨ।
ਪੰਜਾਬ ਦੇ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਚਰਨਜੀਤ ਚੰਨੀ ਨੇ ਕਿਹਾ ਕਿ ਮੈਂ ਦੋਵਾਂ ਹਲਕਿਆਂ ਤੋਂ ਚੰਗੇ ਫਰਕ ਨਾਲ ਜਿੱਤ ਰਿਹਾ ਹਾਂ, ਜਿੱਥੋਂ ਮੈਂ ਚੋਣ ਲੜ ਰਿਹਾ ਹਾਂ’। ‘ਆਪ’ ਦਾ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਝੂਠਾ ਹੈ, ਉਹ ਵੱਡੇ-ਵੱਡੇ ਝੂਠ ਬੋਲਦਾ ਹੈ। ਉਹ ਜਾਂ ਤਾਂ ਆਪਣੇ ਬਿਆਨਾਂ ਤੋਂ ਪਿੱਛੇ ਹਟ ਜਾਂਦਾ ਹੈ ਜਾਂ ਕਦੇ-ਕਦੇ ਮੁਆਫ਼ੀ ਵੀ ਮੰਗ ਲੈਂਦਾ ਹੈ।
ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ ! 2 ਸਾਲਾਂ ਮਗਰੋਂ ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਖੋਲ੍ਹੇ ਦਰਵਾਜ਼ੇ
ਆਮ ਆਦਮੀ ਪਾਰਟੀ ‘ਤੇ ਦੋਸ਼ ਲਗਾਉਂਦੇ ਹੋਏ ਚਰਨਜੀਤ ਚੰਨੀ ਨੇ ਕਿਹਾ ਹੈ ਕਿ ਜੇਕਰ ਕਾਂਗਰਸ ਦੀ ਬਜਾਏ ‘ਆਪ’ ਸੱਤਾ ਵਿੱਚ ਆਉਂਦੀ ਹੈ ਤਾਂ ਕੋਈ ਵੀ ਬਦਲਾਅ ਜਾਂ ਵਿਕਾਸ ਦੇਖਣ ਨੂੰ ਨਹੀਂ ਮਿਲੇਗਾ । ਉਨ੍ਹਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਕੋਲ ਅਜਿਹੇ ਸਿਆਸੀ ਆਗੂ ਹਨ ਜੋ ਹਰ ਪਾਸਿਓਂ ਨਕਾਰੇ ਹੋਏ ਹਨ । ਉਨ੍ਹਾਂ ਕਿਹਾ ਕਿ ਕੇਜਰੀਵਾਲ ਨਾ ਤਾਂ ਕ੍ਰਾਂਤੀਕਾਰੀ ਹੈ ਅਤੇ ਨਾ ਹੀ ਭਗਤ ਸਿੰਘ ਦਾ ਚੇਲਾ ਹੈ।
ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ‘ਤੇ 1304 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ, ਜਿਨ੍ਹਾਂ ਵਿੱਚ 93 ਮਹਿਲਾ ਉਮੀਦਵਾਰ ਵੀ ਸ਼ਾਮਿਲ ਹਨ। ਪੰਜਾਬ ਵਿੱਚ ਇਸ ਵਾਰ ਕਾਂਗਰਸ, ਆਪ, ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ, ਭਾਜਪਾ-ਪੀਐਲਸੀ-ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸਿਆਸੀ ਵਿੰਗ ਸਾਂਝੇ ਸਮਾਜ ਮੋਰਚਾ ਵਿਚਕਾਰ ਮੁਕਾਬਲਾ ਹੈ। 10 ਮਾਰਚ ਨੂੰ ਨਤੀਜਿਆਂ ਦੇ ਐਲਾਨ ਤੋਂ ਬਾਅਦ ਹੀ ਸਾਰਿਆਂ ਦੀ ਕਿਸਮਤ ਦਾ ਫੈਸਲਾ ਹੋ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: