ਰੂਸ ਦੇ ਖਿਲਾਫ ਨਵੇਂ ਦੌਰ ਦੀਆਂ ਪਾਬੰਦੀਆਂ ਦੀ ਮੰਗ ਕਰਦੇ ਹੋਏ ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਸ਼ਨੀਵਾਰ ਨੂੰ ਭਾਰਤ ਸਮੇਤ ਕਈ ਦੇਸ਼ਾਂ ਦੀਆਂ ਸਰਕਾਰਾਂ ਨੂੰ ਰੂਸ ਨੂੰ ਯੂਕਰੇਨ ਵਿੱਚ ਹਮਲੇ ਰੋਕਣ ਦੀ ਅਪੀਲ ਕੀਤੀ । ਇੱਕ ਟੈਲੀਵਿਜ਼ਨ ਸੰਬੋਧਨ ਦੌਰਾਨ ਕੁਲੇਬਾ ਨੇ ਰੂਸ ‘ਤੇ ਜੰਗਬੰਦੀ ਸਮਝੌਤਿਆਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਅਤੇ ਵਿਦੇਸ਼ੀ ਵਿਦਿਆਰਥੀਆਂ ਸਮੇਤ ਨਾਗਰਿਕਾਂ ਨੂੰ ਕੱਢਣ ਦੀ ਆਗਿਆ ਦੇਣ ਲਈ ਗੋਲੀਬਾਰੀ ਬੰਦ ਕਰਨ ਦੀ ਅਪੀਲ ਕੀਤੀ।
ਯੂਕਰੇਨ ਨੇ ਸਾਰੇ ਦੇਸ਼ਾਂ ਨੂੰ ਅਪੀਲ ਕਰਦਿਆਂ ਕਿਹਾ ਕਿ 30 ਸਾਲਾਂ ਤੋਂ ਯੂਕਰੇਨ ਅਫ਼ਰੀਕਾ ਅਤੇ ਏਸ਼ੀਆ ਦੇ ਹਜ਼ਾਰਾਂ ਵਿਦਿਆਰਥੀਆਂ ਲਈ ਸੁਆਗਤ ਕਰਨ ਵਾਲਾ ਘਰ ਸੀ… ਉਹਨਾਂ (ਵਿਦੇਸ਼ੀ ਵਿਦਿਆਰਥੀਆਂ) ਦੀ ਆਵਾਜਾਈ ਦੀ ਸਹੂਲਤ ਲਈ ਯੂਕਰੇਨ ਨੇ ਰੇਲਗੱਡੀਆਂ ਦਾ ਪ੍ਰਬੰਧ ਕੀਤਾ, ਹਾਟਲਾਈਨਾਂ ਸਥਾਪਤ ਕੀਤੀਆਂ, ਦੂਤਾਵਾਸਾਂ ਨਾਲ ਕੰਮ ਕੀਤਾ… ਯੂਕਰੇਨ ਸਰਕਾਰ ਹੁਣ ਵੀ ਪੂਰੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ: ਰੂਸ ਵੱਲੋਂ ਯੂਕਰੇਨ ਦੇ ਦੋ ਸ਼ਹਿਰਾਂ ‘ਚ ਸੰਘਰਸ਼ ਵਿਰਾਮ ਦਾ ਐਲਾਨ, ਲੋਕਾਂ ਨੂੰ ਸ਼ਹਿਰ ਛੱਡਣ ਦਾ ਹੁਕਮ
ਯੂਕਰੇਨ ਦੇ ਵਿਦੇਸ਼ ਮੰਤਰੀ ਨੇ ਦਾਅਵਾ ਕੀਤਾ ਕਿ ਰੂਸ ਉਨ੍ਹਾਂ ਦੇਸ਼ਾਂ ਦੀ ਹਮਦਰਦੀ ਜਿੱਤਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਨ੍ਹਾਂ ਦੇ ਨਾਗਰਿਕ ਯੂਕਰੇਨ ਵਿੱਚ ਹਨ। ਉਨ੍ਹਾਂ ਕਿਹਾ ਕਿ ਜੇਕਰ ਰੂਸ ਵਿਦੇਸ਼ੀ ਵਿਦਿਆਰਥੀਆਂ ਦੇ ਮਾਮਲੇ ਵਿੱਚ ਮਦਦ ਕਰਦਾ ਹੈ ਤਾਂ ਉਨ੍ਹਾਂ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੈਂ ਭਾਰਤ, ਚੀਨ ਅਤੇ ਨਾਈਜੀਰੀਆ ਦੀਆਂ ਸਰਕਾਰਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਰੂਸ ਨੂੰ ਗੋਲੀਬਾਰੀ ਬੰਦ ਕਰਨ ਅਤੇ ਨਾਗਰਿਕਾਂ ਨੂੰ ਉੱਥੋਂ ਜਾਣ ਦੀ ਅਪੀਲ ਕਰਨ।
ਇਸ ਤੋਂ ਇਲਾਵਾ ਕੁਲੇਬਾ ਨੇ ਕਿਹਾ ਕਿ ਭਾਰਤ ਸਮੇਤ ਸਾਰੇ ਦੇਸ਼ ਜੋ ਰੂਸ ਨਾਲ ਵਿਸ਼ੇਸ਼ ਸਬੰਧਾਂ ਵਿੱਚ ਜੁੜੇ ਹੋਏ ਹਨ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਅਪੀਲ ਕਰ ਸਕਦੇ ਹਨ ਕਿ ਇਹ ਜੰਗ ਸਾਰਿਆਂ ਦੇ ਹਿੱਤਾਂ ਦੇ ਖਿਲਾਫ ਹੈ। ਉਸਨੇ ਦਲੀਲ ਦਿੱਤੀ ਕਿ ਸੰਘਰਸ਼ ਦਾ ਅੰਤ ਸਾਰੇ ਦੇਸ਼ਾਂ ਦੇ ਹਿੱਤ ਵਿੱਚ ਹੈ। ਉਨ੍ਹਾਂ ਕਿਹਾ ਕਿ ਭਾਰਤ ਯੂਕਰੇਨ ਦੇ ਖੇਤੀਬਾੜੀ ਉਤਪਾਦਾਂ ਦੇ ਸਭ ਤੋਂ ਵੱਡੇ ਖਪਤਕਾਰਾਂ ਵਿੱਚੋਂ ਇੱਕ ਹੈ। ਜੇਕਰ ਇਹ ਜੰਗ ਜਾਰੀ ਰਹੀ ਤਾਂ ਸਾਡੇ ਲਈ ਨਵੀਆਂ ਫ਼ਸਲਾਂ ਬੀਜਣੀਆਂ ਮੁਸ਼ਕਲ ਹੋ ਜਾਣਗੀਆਂ। ਵਿਸ਼ਵ ਅਤੇ ਭਾਰਤੀ ਖੁਰਾਕ ਸੁਰੱਖਿਆ ਦੇ ਲਿਹਾਜ਼ ਨਾਲ ਇਸ ਜੰਗ ਨੂੰ ਰੋਕਣਾ ਸਭ ਦੇ ਹਿੱਤ ਵਿੱਚ ਹੈ।
ਦੱਸ ਦੇਈਏ ਕਿ ਪਿਛਲੇ ਦਿਨੀਂ ਪੀਐਮ ਮੋਦੀ ਨੇ ਦੋਵਾਂ ਦੇਸ਼ਾਂ ਦੇ ਰਾਸ਼ਟਰਪਤੀਆਂ ਨਾਲ ਫ਼ੋਨ ‘ਤੇ ਗੱਲਬਾਤ ਕੀਤੀ ਸੀ। ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਮਹੀਨੇ ਦੀ 24 ਤਰੀਕ ਨੂੰ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਗੱਲ ਕੀਤੀ ਸੀ। ਦੋ ਦਿਨ ਬਾਅਦ, ਯਾਨੀ ਕਿ 26 ਫਰਵਰੀ ਨੂੰ, ਪੀਐਮ ਮੋਦੀ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਫੋਨ ‘ਤੇ ਗੱਲ ਕੀਤੀ ਸੀ । ਦੱਸ ਦੇਈਏ ਕਿ ਭਾਰਤ ਵਿੱਚ ਯੂਕਰੇਨ ਦੇ ਰਾਜਦੂਤ ਇਗੋਰ ਪੋਲੀਖਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇਸ ਜੰਗ ਵਿੱਚ ਦਖਲ ਦੇਣ ਦੀ ਮੰਗ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: