ਜਦੋਂ ਵੀ ਅਸੀਂ ਸਿੱਖ ਧਰਮ ਬਾਰੇ ਸੁਣਦੇ ਹਾਂ ਤਾਂ ਸਾਡੇ ਮਨਾਂ ਵਿੱਚ ਹਮੇਸ਼ਾਂ ਸਿੱਖ ਵਿਅਕਤੀ ਦੀ ਝਲਕ ਦਿਖਾਈ ਦਿੰਦੀ ਹੈ । ਸਿੱਖ ਧਰਮ ਇੱਕ ਅਜਿਹਾ ਧਰਮ ਹੈ ਜਿਸ ਵਿੱਚ ਔਰਤਾਂ ਅਤੇ ਮਰਦਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ। ਸਿੱਖ ਇਤਿਹਾਸ ਵਿੱਚ ਬੀਬੀਆਂ ਦਾ ਲੜਨ, ਇਨਕਲਾਬੀ ਤਬਦੀਲੀ ਲਿਆਉਣ ਅਤੇ ਲੀਡਰਸ਼ਿਪ ਦੀਆਂ ਭੂਮਿਕਾਵਾਂ ਨਿਭਾਉਣ ਦਾ ਲੰਮਾ ਇਤਿਹਾਸ ਹੈ। ਕੌਮਾਂਤਰੀ ਮਹਿਲਾ ਦਿਵਸ ਮੌਕੇ ਅਸੀਂ ਤੁਹਾਨੂੰ ਅਜਿਹੀਆਂ ਹੀ ਸਿੱਖ ਇਤਿਹਾਸ ਦੀਆਂ ਮਹਾਨ ਔਰਤਾਂ ਦੀ ਜੀਵਨੀ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ।
- ਮਾਤਾ ਖੀਵੀ ਜੀ
ਇਨ੍ਹਾਂ ਸਿੱਖ ਬੀਬੀਆਂ ਵਿੱਚ ਸਭ ਤੋਂ ਪਹਿਲਾ ਮਾਤਾ ਖੀਵੀ ਜੀ ਦਾ ਨਾਮ ਆਉਂਦਾ ਹੈ। ਮਾਤਾ ਖੀਵੀ ਜੀ ਨੂੰ ਲੰਗਰ ਪ੍ਰਥਾ ਦੀ ਸਿਰਜਣਹਾਰੀ ਕਿਹਾ ਜਾਂਦਾ ਹੈ ਕਿਉਂਕਿ ਸਭ ਤੋਂ ਪਹਿਲਾਂ ਮਾਤਾ ਖੀਵੀ ਜੀ ਨੇ ਹੀ ਲੰਗਰ ਦੀ ਸ਼ੁਰੂਆਤ ਕੀਤੀ ਸੀ। ਸੰਨ 1519 ਈ: ਵਿੱਚ ਮਾਤਾ ਖੀਵੀ ਜੀ ਦਾ ਵਿਆਹ ਭਾਈ ਲਹਿਣਾ ਜੀ ਨਾਲ ਹੋ ਗਿਆ, ਜੋ ਬਾਅਦ ਵਿੱਚ ਸਿੱਖਾਂ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਬਣੇ। ਭਾਈ ਲਹਿਣਾ ਜੀ ਕਰਤਾਰਪੁਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਅਤੇ ਉਨ੍ਹਾਂ ਨੇ ਲਗਭਗ 7 ਸਾਲ ਗੁਰੂ ਸਾਹਿਬ ਦੀ ਸੰਗਤ ਕੀਤੀ। ਗੁਰਗੱਦੀ ‘ਤੇ ਬੈਠਣ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਤੋਂ ਗੁਰਮਤਿ ਦਾ ਪ੍ਰਚਾਰ ਸ਼ੁਰੂ ਕੀਤਾ ਤਾਂ ਮਾਤਾ ਖੀਵੀ ਨੇ ਲੰਗਰ ਦੀ ਸੇਵਾ ਦੇ ਸਾਰੇ ਪ੍ਰਬੰਧ ਦੀ ਜ਼ਿੰਮੇਵਾਰੀ ਆਪ ਸੰਭਾਲ ਲਈ । ਅੱਜ ਵੀ ਖਡੂਰ ਸਾਹਿਬ ਵਿਖੇ ਮਾਤਾ ਖੀਵੀ ਜੀ ਦਾ ਲੰਗਰ ਚੱਲਦਾ ਹੈ।
- ਮਾਤਾ ਸੁੰਦਰੀ ਜੀ
1660 ਦੇ ਦਹਾਕੇ ਵਿੱਚ ਪੈਦਾ ਹੋਈ ਮਾਤਾ ਸੁੰਦਰੀ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਤਨੀ ਸੀ । ਉਨ੍ਹਾਂ ਨੇ ਅਪਣੇ ਪਤੀ ਅਤੇ ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤ ਸਮਾਉਣ ਤੋਂ ਬਾਅਦ ਸਿੱਖ ਧਰਮ ਨੂੰ ਸੰਭਾਲਿਆ। ਕਿਹਾ ਜਾਂਦਾ ਹੈ ਕਿ ਉਹਨਾਂ ਦੇ ਸ਼ਾਸਨ ਅਧੀਨ, ਸਿੱਖ ਧਰਮ 40 ਸਾਲਾਂ ਤੱਕ ਆਪਣੇ ਆਪ ਨੂੰ ਕਾਇਮ ਰੱਖਣ ਅਤੇ ਪ੍ਰਫੁੱਲਤ ਕਰਨ ਦੇ ਯੋਗ ਰਿਹਾ। ਮਾਤਾ ਸੁੰਦਰੀ ਜੀ ਨੇ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਣ ਤੋ ਬਾਅਦ ਗੁਰੂ ਸਾਹਿਬ ਦੀਆਂ ਲਿਖਤਾ ਨੂੰ ਸੰਭਾਲਣ, ਗੁਰੂ ਗ੍ਰੰਥ ਸਾਹਿਬ ਦੀਆਂ ਹੋਰ ਕਾਪੀਆਂ ਤਿਆਰ ਕਰਨ ਤੇ ਅੰਮ੍ਰਿਤਸਰ ਦੀ ਦੇਖ ਰੇਖ ਦਾ ਜ਼ਿੰਮਾਂ ਭਾਈ ਮਨੀ ਸਿੰਘ ਨੂੰ ਦੇ ਦਿੱਤਾ ।
3. ਮਾਈ ਭਾਗੋ ਜੀ
ਮਾਈ ਭਾਗੋ ਪੰਜਾਬ ਦੇ ਮੈਦਾਨ ਵਿੱਚ ਲੜਨ ਵਾਲੀ ਪਹਿਲੀ ਔਰਤ ਸੀ। ਮਾਈ ਭਾਗੋ ਦਾ ਜਨਮ ਪਿੰਡ ਝਬਾਲ ਕਲਾਂ ਵਿਖੇ ਸਿੱਖ ਪਰਿਵਾਰ ਵਿੱਚ ਹੋਇਆ। ਜੰਗ ਲੜਨ ਵਿੱਚ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦੇ ਕੇ ਮਾਈ ਭਾਗੋ ਨੇ ਸਿੱਖ ਇਤਿਹਾਸ ਨੂੰ ਨਵਾਂ ਮੋੜ ਦਿੱਤਾ। ਸ੍ਰੀ ਅਨੰਦਪੁਰ ਸਾਹਿਬ ਤੋਂ ਬੇਦਾਵਾ ਦੇ ਕੇ ਗਏ 40 ਮਝੈਲ ਸਿੰਘਾਂ ਨੂੰ ਪ੍ਰੇਰਨਾ ਦੇ ਕੇ ਅਤੇ ਉਹਨਾਂ ਦੀ ਆਪ ਅਗਵਾਈ ਕਰਕੇ ਗੁਰੂ ਜੀ ਦੀ ਭਾਲ ਵਿੱਚ ਮਾਈ ਭਾਗੋ ਨੇ ਖਿਦਰਾਣੇ ਦੀ ਧਰਤੀ (ਹੁਣ ਸ੍ਰੀ ਮੁਕਤਸਰ ਸਾਹਿਬ) ਦੇ ਜੰਗੇ ਮੈਦਾਨ ਵਿਚ ਦੁਸ਼ਮਣ ਦੀਆਂ ਫ਼ੌਜਾਂ ਦਾ ਮੁਕਾਬਲਾ ਕੀਤਾ ਤੇ ਜੰਗ ਵਿਚ ਆਪ ਜ਼ਖ਼ਮੀ ਹੋ ਗਏ। ਉਨ੍ਹਾਂ ਨੇ ਬਚਪਨ ਵਿੱਚ ਹੀ ਅਪਣੇ ਪਿਤਾਂ ਤੋਂ ਗੱਤਕੇ ਦੀ ਸਿੱਖਿਆ ਲਈ ਸੀ।
- ਰਾਜਕੁਮਾਰੀ ਸੋਫ਼ੀਆ ਦਲੀਪ ਸਿੰਘ
ਬ੍ਰਿਟੇਨ ਦੇ ਇਤਿਹਾਸ ਵਿਚ ਔਰਤਾਂ ਨੂੰ ਵੋਟ ਪਾਉਣ ਦੇ ਅਧਿਕਾਰ ਦੇ ਸੰਘਰਸ਼ ਨੂੰ ਜਦੋਂ ਯਾਦ ਕੀਤਾ ਜਾਵੇ ਤਾਂ ਸਭ ਤੋਂ ਪਹਿਲਾ ਨਾਂ ਮਹਾਰਾਜਾ ਦਲੀਪ ਸਿੰਘ ਦੀ ਧੀ ਪ੍ਰਿੰਸਿਸ ਸੋਫ਼ੀਆ ਦਲੀਪ ਸਿੰਘ ਦਾ ਆਉਂਦਾ ਹੈ। ਉਹ ਇੰਗਲੈਂਡ ਵਿਚ ਔਰਤਾਂ ਦੇ ਹੱਕਾਂ (ਵੋਟ ਦਾ ਹੱਕ) ਲਈ ਲੜਨ ਵਾਲੇ ਨਾਰੀ ਸੰਗਠਨਾਂ ਦੀ ਸਿਰਕੱਢ ਕਾਰਕੁੰਨ ਸੀ। ਉਨ੍ਹਾਂ ਦੇ ਪਿਤਾ ਮਹਾਰਾਜਾ ਦਲੀਪ ਸਿੰਘ ਸ਼ੇਰੇ ਪੰਜਾਬ ਵਜੋਂ ਜਾਣੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਸਨ । ਜਿਸ ਨੂੰ ਪੰਜਾਬ ਦੇ ਬ੍ਰਿਟਿਸ਼ ਰਾਜ ਵਿਚ ਸ਼ਾਮਲ ਕਰਨ ਤੋਂ ਬਾਅਦ ਜਲਾਵਤਨ ਕਰਕੇ ਇੰਗਲੈਂਡ ਭੇਜ ਦਿੱਤਾ ਗਿਆ ਸੀ । ਪਿਤਾ ਦੇ ਗੁਜ਼ਰਨ ਤੋਂ ਬਾਅਦ ਸੋਫ਼ੀਆ ਦੀ ਦੇਖਭਾਲ ਮਹਾਰਾਣੀ ਵਿਕਟੋਰੀਆ ਨੇ ਖੁਦ ਕੀਤੀ ਸੀ।
- ਬੀਬੀ ਗੁਲਾਬ ਕੌਰ
ਭਾਰਤ ਦੀ ਅਜ਼ਾਦੀ ਵਿੱਚ ਵੀ ਔਰਤਾਂ ਦੀ ਅਹਿਮ ਭੂਮਿਕਾ ਰਹੀ ਹੈ। ਅਜ਼ਾਦੀ ਲਹਿਰ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੀ ਗ਼ਦਰ ਲਹਿਰ ਵਿੱਚ ਬੀਬੀ ਗੁਲਾਬ ਕੌਰ ਬਖ਼ਸ਼ੀਵਾਲਾ ਦਾ ਨਾਂ ਸੁਨਹਿਰੀ ਅੱਖ਼ਰਾਂ ਵਿਚ ਲਿਖਿਆ ਹੋਇਆ ਹੈ। ਗੁਲਾਬ ਕੌਰ ਗ਼ਦਰ ਪਾਰਟੀ ਦੀ ਸੁਤੰਤਰਤਾ ਸੈਨਾਨੀ ਸੀ। ਗੁਲਾਬ ਕੌਰ ਦਾ ਜਨਮ 1890 ਵਿਚ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਖਸ਼ੀਵਾਲਾ ਵਿੱਚ ਹੋਇਆ ਸੀ। ਗੁਲਾਬ ਕੌਰ ਦਾ ਵਿਆਹ ਮਾਨ ਸਿੰਘ ਨਾਲ ਹੋਇਆ। ਉਹ ਅਤੇ ਉਸਦਾ ਪਤੀ ਬ੍ਰਿਟਿਸ਼ ਭਾਰਤ ਤੋਂ ਅਮਰੀਕਾ ਜਾਂਦੇ ਹੋਏ ਫਿਲੀਪੀਨਜ਼ ਚਲੇ ਗਏ ਜਿੱਥੇ ਗ਼ਦਰ ਪਾਰਟੀ ਅਧਾਰਿਤ ਸੀ। ਉਸਨੇ ਆਪਣੇ ਪਤੀ ਨੂੰ ਫਿਲੀਪੀਨਜ਼ ਵਿੱਚ ਛੱਡਣ ਦਾ ਫੈਸਲਾ ਲਿਆ ਤਾਂ ਜੋ ਆਪਣੇ ਆਪ ਨੂੰ ਇਸ ਲਈ ਹੋਰ ਡੂੰਘਾਈ ਨਾਲ ਸਮਰਪਿਤ ਕੀਤਾ ਜਾ ਸਕੇ । ਗਦਰ ਪਾਰਟੀ ਇਕ ਭਾਰਤੀ ਇਨਕਲਾਬੀ ਸੰਗਠਨ ਸੀ, ਜਿਸ ਨੂੰ ਖ਼ਾਤ ਤੌਰ ‘ਤੇ ਪੰਜਾਬੀ ਸਿੱਖ ਪਰਵਾਸੀਆਂ ਵੱਲੋਂ ਸਥਾਪਤ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: