Brent Renaud death news: ਰੂਸ ਅਤੇ ਯੂਕਰੇਨ ਵਿਚਕਾਰ ਜੰਗ 19ਵੇਂ ਦਿਨ ਵੀ ਜਾਰੀ ਹੈ। ਦੋਹਾਂ ਦੇਸ਼ਾਂ ਵਿਚਾਲੇ ਛਿੜੀ ਇਸ ਜੰਗ ‘ਚ ਹੁਣ ਤੱਕ ਹਜ਼ਾਰਾਂ ਫੌਜੀਆਂ ਦੀ ਮੌਤ ਹੋ ਚੁੱਕੀ ਹੈ। ਇਸ ਜੰਗ ਵਿੱਚ ਕਈ ਨਾਗਰਿਕਾਂ ਦੀ ਜਾਨ ਵੀ ਜਾ ਚੁੱਕੀ ਹੈ। ਇਸ ਦੌਰਾਨ ਅਮਰੀਕਾ ਦੇ ਇੱਕ ਫਿਲਮ ਨਿਰਮਾਤਾ ਅਤੇ ਪੱਤਰਕਾਰ ਬ੍ਰੈਂਟ ਰੇਨੌਡ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ।
ਐਤਵਾਰ ਨੂੰ ਬ੍ਰੈਂਟ ਰੇਨੌਡ ਦੀ ਕਾਰ ਨੂੰ ਯੂਕਰੇਨ ਦੇ ਇਰਪਿਨ ਸ਼ਹਿਰ ਵਿੱਚ ਰੂਸੀ ਫੌਜ ਦੁਆਰਾ ਖੁੱਲ੍ਹੀ ਗੋਲੀਬਾਰੀ ਦਾ ਸ਼ਿਕਾਰ ਬਣਾਇਆ ਗਿਆ ਸੀ। ਏਐਫਪੀ ਦੀ ਰਿਪੋਰਟ ਮੁਤਾਬਕ ਇਸ ਹਮਲੇ ਵਿੱਚ ਬਰੈਂਟ ਦੀ ਮੌਤ ਹੋ ਗਈ। ਉਸ ਦੇ ਨਾਲ ਇੱਕ ਹੋਰ ਪੱਤਰਕਾਰ ਜੁਆਨ ਅਰੇਡੋਂਡੋ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
50 ਸਾਲਾ ਬ੍ਰੈਂਟ ਅਰਕਾਨਸਾਸ ਦਾ ਵਸਨੀਕ ਸੀ। ਬ੍ਰੈਂਟ ਇੱਕ ਫਿਲਮ ਨਿਰਮਾਤਾ ਦੇ ਨਾਲ-ਨਾਲ ਨਿਊਯਾਰਕ ਟਾਈਮਜ਼ ਲਈ ਇੱਕ ਪੱਤਰਕਾਰ ਵੀ ਸੀ। ਉਸਦੀ ਮੌਤ ਤੋਂ ਬਾਅਦ, ਪ੍ਰਕਾਸ਼ਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਬ੍ਰੈਂਟ ਪ੍ਰਕਾਸ਼ਨ ਦੀ ਤਰਫੋਂ ਯੂਕਰੇਨ ਨਹੀਂ ਗਿਆ ਸੀ। ਉਹ ਯੂਕਰੇਨ ਵਿੱਚ ਸ਼ਰਨਾਰਥੀਆਂ ਬਾਰੇ ਇੱਕ ਰਿਪੋਰਟ ਤਿਆਰ ਕਰ ਰਿਹਾ ਸੀ। ਯੂਕਰੇਨ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਯੂਕਰੇਨ ਨੂੰ ਪਿਛਲੇ ਕੁਝ ਦਿਨਾਂ ‘ਚ ਰੂਸ ਵੱਲੋਂ ਜ਼ਬਰਦਸਤ ਬੰਬਾਰੀ ਦਾ ਸਾਹਮਣਾ ਕਰਨਾ ਪਿਆ ਹੈ।
ਯੂਕਰੇਨੀ ਅਧਿਕਾਰੀਆਂ ਨੇ ਅਜੇ ਤੱਕ ਬ੍ਰੈਂਟ ਦੀ ਮੌਤ ਦੇ ਵੇਰਵੇ ਨਹੀਂ ਦਿੱਤੇ ਹਨ, ਪਰ ਅਮਰੀਕੀ ਪੱਤਰਕਾਰ ਜੁਆਨ ਅਰੇਡੋਂਡੋ ਨੇ ਕਿਹਾ ਕਿ ਜਦੋਂ ਉਨ੍ਹਾਂ ‘ਤੇ ਹਮਲਾ ਕੀਤਾ ਗਿਆ ਤਾਂ ਉਹ ਦੋਵੇਂ ਇਰਪਿਨ ਚੈੱਕ ਪੁਆਇੰਟ ਵੱਲ ਜਾ ਰਹੇ ਸਨ। ਜੁਆਨ ਕੀਵ ਵਿੱਚ ਹਸਪਤਾਲ ਵਿੱਚ ਭਰਤੀ ਹੈ। ਉਸ ਨੇ ਦੱਸਿਆ ਕਿ ਬਰੈਂਟ ਦੀ ਗਰਦਨ ਵਿੱਚ ਸੱਟ ਲੱਗੀ ਹੈ। ਇਸ ਦੇ ਨਾਲ ਹੀ ਜੁਆਨ ਦੀ ਪਿੱਠ ਦੇ ਹੇਠਲੇ ਹਿੱਸੇ ‘ਤੇ ਸੱਟ ਲੱਗੀ ਹੈ।