ਯੂਕਰੇਨ ਅਤੇ ਰੂਸ ਵਿਚਾਲੇ ਜੰਗ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਯੂਕਰੇਨ ਦੇ ਕਈ ਸ਼ਹਿਰ ਰੂਸੀ ਬੰਬਾਰੀ ਅਤੇ ਮਿਜ਼ਾਈਲ ਹਮਲਿਆਂ ਨਾਲ ਤਬਾਹ ਹੋ ਚੁੱਕੇ ਹਨ। ਸੈਂਕੜੇ ਆਮ ਨਾਗਰਿਕ ਵੀ ਜੰਗ ਦਾ ਸ਼ਿਕਾਰ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਮਾਸੂਮ ਬੱਚੇ ਵੀ ਸ਼ਾਮਿਲ ਹਨ। ਯੂਕਰੇਨ ਦੇ ਲੋਕਪਾਲ ਅਨੁਸਾਰ ਜਦੋਂ ਤੋਂ ਯੂਕਰੇਨ ਅਤੇ ਰੂਸ ਦੇ ਵਿਚਕਾਰ ਜੰਗ ਸ਼ੁਰੂ ਹੋਈ ਹੈ, ਉਦੋਂ ਤੋਂ ਲੈ ਕੇ ਹੁਣ ਤੱਕ 143 ਬੱਚਿਆਂ ਦੀ ਮੌਤ ਹੋ ਚੁੱਕੀ ਹੈ ਜਦਕਿ 216 ਬੱਚੇ ਜ਼ਖਮੀ ਹਨ ।
ਉੱਥੇ ਹੀ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਐਤਵਾਰ ਰਾਤ ਨੂੰ ਦੇਸ਼ ਦੇ ਨਾਮ ਆਪਣੇ ਸੰਬੋਧਨ ਵਿੱਚ ਕਿਹਾ ਕਿ ਤੁਰਕੀ ਵਿੱਚ ਰੂਸ ਨਾਲ ਇਸ ਹਫ਼ਤੇ ਹੋਣ ਜਾ ਰਹੀ ਗੱਲਬਾਤ ਵਿੱਚ ਤਰਜੀਹ “ਯੂਕਰੇਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ” ‘ਤੇ ਕੇਂਦਰਿਤ ਹੋਵੇਗੀ। ਜ਼ੇਲੇਂਸਕੀ ਨੇ ਕਿਹਾ ਕਿ ਅਸੀਂ ਬਿਨ੍ਹਾਂ ਦੇਰੀ ਕੀਤੇ ਸ਼ਾਂਤੀ ਚਾਹੁੰਦੇ ਹਾਂ। ਤੁਰਕੀ ਵਿੱਚ ਆਹਮੋ-ਸਾਹਮਣੇ ਗੱਲਬਾਤ ਇੱਕ ਮੌਕਾ ਅਤੇ ਲੋੜ ਹੈ। ਇਹ ਬੁਰਾ ਨਹੀਂ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮੈਂ ਦੂਜੇ ਦੇਸ਼ਾਂ ਦੀਆਂ ਸੰਸਦਾਂ ਨੂੰ ਅਪੀਲ ਕਰਨਾ ਜਾਰੀ ਰੱਖਾਂਗਾ ਅਤੇ ਉਨ੍ਹਾਂ ਨੂੰ ਮਾਰੀਉਪੋਲ ਵਰਗੇ ਘੇਰੇ ਹੋਏ ਸ਼ਹਿਰਾਂ ਵਿੱਚ ਗੰਭੀਰ ਸਥਿਤੀ ਬਾਰੇ ਯਾਦ ਕਰਾਵਾਂਗਾ।
ਇਹ ਵੀ ਪੜ੍ਹੋ: ਰੂਸ ਨਾਲ ਸਮਝੌਤੇ ਲਈ ਤਿਆਰ ਯੂਕਰੇਨ ! ਜ਼ੇਲੇਂਸਕੀ ਬੋਲੇ- “ਹੁਣ ਨਹੀਂ ਚਾਹੀਦੀ NATO ਦੀ ਦੋਸਤੀ”
ਦੱਸ ਦੇਈਏ ਕਿ ਦੂਜੇ ਪਾਸੇ ਯੂਕਰੇਨ ਦੇ ਮਿਲਟਰੀ ਇੰਟੈਲੀਜੈਂਸ ਦੇ ਮੁਖੀ ਕਿਰਿਲੋ ਬੁਡਾਨੋਵ ਦਾ ਕਹਿਣਾ ਹੈ ਕਿ ਰੂਸ ਯੂਕਰੇਨ ਨੂੰ ਦੋ ਟੁਕੜਿਆਂ ਵਿੱਚ ਵੰਡਣ ਦੀ ਕੋਸ਼ਿਸ਼ ਕਰ ਸਕਦਾ ਹੈ। ਰੱਖਿਆ ਮੰਤਰਾਲੇ ਦੇ ਇੱਕ ਬਿਆਨ ਮੁਤਾਬਕ ਬੁਡਾਨੋਵ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਉਹ ਪੂਰੇ ਦੇਸ਼ (ਯੂਕਰੇਨ) ਨੂੰ ਨਿਗਲ ਨਹੀਂ ਸਕਦੇ, ਇਸ ਲਈ ਉਹ ਸ਼ਾਇਦ ‘ਕੋਰੀਆਈ ਦ੍ਰਿਸ਼’ ਦੇ ਤਹਿਤ ਯੂਕਰੇਨ ਨੂੰ ਵੰਡਣ ਦੀ ਕੋਸ਼ਿਸ਼ ਕਰਨਗੇ।
ਵੀਡੀਓ ਲਈ ਕਲਿੱਕ ਕਰੋ -: