ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਸੋਮਵਾਰ ਨੂੰ ਪੰਜਾਬ ਦੇ ਲੋਕਾਂ ਨੂੰ ਰਾਸ਼ਨ ‘ਤੇ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਹੈ। ਮਾਨ ਸਰਕਾਰ ਦੇ ਇਸ ਐਲਾਨ ਮੁਤਾਬਕ ਸਰਕਾਰ ਵੱਲੋਂ ਲੋਕਾਂ ਨੂੰ ਰਾਸ਼ਨ ਹੁਣ ਘਰ-ਘਰ ਜਾ ਕੇ ਸਪਲਾਈ ਕੀਤਾ ਜਾਵੇਗਾ । ਮਾਨ ਸਰਕਾਰ ਦੇ ਇਸ ਐਲਾਨ ‘ਤੇ ਨਿਸ਼ਾਨਾ ਸਾਧਦੇ ਹੋਏ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਗਰੀਬਾਂ ਨੂੰ ਰਾਸ਼ਨ ਜ਼ਰੂਰ ਮਿਲਣਾ ਚਾਹੀਦਾ ਹੈ, ਪਰ ਇਹ ਕੇਂਦਰ ਸਰਕਾਰ ਦੀ ਸਕੀਮ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੌਰਾਨ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਰਾਸ਼ਨ ਦੀ ਡਿਲੀਵਰੀ ਸਹੀ ਢੰਗ ਨਾਲ ਨਹੀਂ ਹੋਈ। ਜਿਸ ਕਾਰਨ ਹੁਣ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਕੇਂਦਰ ਸਰਕਾਰ ਤੋਂ ਮਿਲਣ ਵਾਲਾ ਰਾਸ਼ਨ ਲੋੜਵੰਦ ਲੋਕਾਂ ਤੱਕ ਪਹੁੰਚਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਲੋਕ ਭਾਵੇਂ ਰਾਸ਼ਨ ਦੀਆਂ ਦੁਕਾਨਾਂ ਤੋਂ ਰਾਸ਼ਨ ਲੈਣ ਜਾਂ ਉਨ੍ਹਾਂ ਦੇ ਘਰ ਪਹੁੰਚੇ, ਇਸ ਵਿੱਚ ਕੋਈ ਬਹੁਤਾ ਫ਼ਰਕ ਨਹੀਂ ਹੈ। ਪਰ ਇਹ ਜ਼ਰੂਰੀ ਹੈ ਕਿ ਲੋੜਵੰਦ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾਵੇ, ਜਿਸ ਵਿੱਚ ਬਹੁਤਾ ਡਰਾਮਾ ਨਹੀਂ ਹੋਣਾ ਚਾਹੀਦਾ । ਕੇਂਦਰ ਸਰਕਾਰ ਦੀਆਂ ਕਈ ਭਲਾਈ ਸਕੀਮਾਂ ਚੱਲ ਰਹੀਆਂ ਹਨ, ਜੇਕਰ ਸੂਬਾ ਸਰਕਾਰ ਇਨ੍ਹਾਂ ਨੂੰ ਸਹੀ ਢੰਗ ਨਾਲ ਲਾਗੂ ਕਰੇ ਤਾਂ ਲੋਕਾਂ ਨੂੰ ਬਹੁਤ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਕੇਂਦਰ ਨਾਲ ਟਕਰਾਅ ਵਿੱਚ ਨਹੀਂ ਪੈਣਾ ਚਾਹੀਦਾ ਅਤੇ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: ਰੂਸ ਨਾਲ ਸਮਝੌਤੇ ਲਈ ਤਿਆਰ ਯੂਕਰੇਨ ! ਜ਼ੇਲੇਂਸਕੀ ਬੋਲੇ- “ਹੁਣ ਨਹੀਂ ਚਾਹੀਦੀ NATO ਦੀ ਦੋਸਤੀ”
ਇਸ ਤੋਂ ਅੱਗੇ ਗਰੇਵਾਲ ਨੇ ਕਿਹਾ ਕਿ ਮਾਨ ਸਰਕਾਰ ਨੂੰ ਸੱਤਾ ਵਿੱਚ ਆਇਆਂ ਨੂੰ ਹਾਲੇ 10 ਦਿਨ ਵੀ ਨਹੀਂ ਹੋਏ ਹਨ ਅਤੇ ਉਹ ਕੇਂਦਰ ਨਾਲ ਟਕਰਾਅ ਦੀਆਂ ਗੱਲਾਂ ਕਰ ਰਹੇ ਹਨ। ਉਨ੍ਹਾਂ ਨੇ ਚੰਡੀਗੜ੍ਹ ‘ਤੇ ਕੇਂਦਰ ਦੇ ਫੈਸਲੇ ਦੀ ਹੋ ਰਹੀ ਨਿਖੇਧੀ ‘ਤੇ ਕਿਹਾ ਕਿ ਚੰਡੀਗੜ੍ਹ ਪਹਿਲਾਂ ਹੀ ਕੇਂਦਰ ਸ਼ਾਸਿਤ ਪ੍ਰਦੇਸ਼ ਹੈ। ਕੇਂਦਰ ਸਰਕਾਰ ਨੇ ਇੱਥੋਂ ਦੇ ਮੁਲਾਜ਼ਮਾਂ ‘ਤੇ ਆਪਣਾ ਸਰਵਿਸ ਰੂਲ ਲਾਗੂ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਇੱਥੋਂ ਦੇ ਮੁਲਾਜ਼ਮਾਂ ਨੂੰ ਫਾਇਦਾ ਹੋਵੇਗਾ, ਇਸ ਵਿੱਚ ਵਿਰੋਧ ਕਰਨ ਵਾਲੀ ਕੋਈ ਗੱਲ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: