ਪੰਜਾਬ ਵਿੱਚ ਲੋਕਾਂ ਲਈ ਸਫ਼ਰ ਕਰਨਾ ਹੁਣ ਹੋਰ ਮਹਿੰਗਾ ਹੋ ਗਿਆ ਹੈ । 1 ਅਪ੍ਰੈਲ ਯਾਨੀ ਕਿ ਸ਼ੁੱਕਰਵਾਰ ਤੋਂ ਪੰਜਾਬ ਦੇ ਟੋਲ ਪਲਾਜ਼ਿਆਂ ‘ਤੇ ਰੇਟ ਵਧਾ ਦਿੱਤੇ ਗਏ ਹਨ । ਪੰਜਾਬ ਵਿੱਚ ਟੋਲ ਦੀਆਂ ਇਹ ਵਧੀਆਂ ਕੀਮਤਾਂ 31 ਮਾਰਚ ਰਾਤ 12 ਵਜੇ ਤੋਂ ਲਾਗੂ ਹੋ ਗਈਆਂ ਹਨ। ਦਰਅਸਲ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ (NHAI) ਨੇ ਸੂਬੇ ਭਰ ਦੇ ਟੋਲ ਪਲਾਜ਼ਿਆਂ ਦੇ ਟੈਕਸ ਰੇਟ 10 ਫ਼ੀਸਦੀ ਵਾਧਾ ਕੀਤਾ ਗਿਆ ਹੈ । ਜਿਸ ਵਿੱਚ ਕਾਰ ਦੇ ਲਈ ਟੋਲ 5 ਤੋਂ 10 ਰੁਪਏ ਵਧਾ ਦਿੱਤੇ ਗਏ ਹਨ। ਉੱਥੇ ਹੀ ਕਮਰਸ਼ੀਅਲ ਯਾਨੀ ਮਾਲ ਦੀ ਢੋਆ-ਢੁਆਈ ਵਾਲੀਆਂ ਗੱਡੀਆਂ ਲਈ ਟੋਲ 865 ਰੁਪਏ ਤੱਕ ਵੱਧ ਗਿਆ ਹੈ। ਟੋਲ ਟੈਕਸ ਦੀਆਂ ਵਧੀਆਂ ਦਰਾਂ ਦੇ ਸਬੰਧ ਵਿੱਚ ਸਾਰੇ ਟੋਲ ਪਲਾਜ਼ਾ ‘ਤੇ ਨਵੇਂ ਬੋਰਡ ਲਗਾ ਦਿੱਤੇ ਗਏ ਹਨ।
ਦੱਸ ਦੇਈਏ ਕਿ ਪੰਜਾਬ ਵਿੱਚ ਨੈਸ਼ਨਲ ਹਾਈਵੇ ਦੇ 11 ਟੋਲ ਪਲਾਜ਼ਾ ਹਨ, ਜਿਨ੍ਹਾਂ ‘ਤੇ ਟੋਲ ਟੈਕਸ ਦੀਆਂ ਵਧੀਆਂ ਕੀਮਤਾਂ ਵਸੂਲੀਆਂ ਜਾਣਗੀਆਂ। ਇਨ੍ਹਾਂ ਵਿੱਚ ਲੁਧਿਆਣਾ-ਜਗਰਾਓਂ ਮਾਰਗ ‘ਤੇ ਚੌਂਕੀਮਾਨ ਟੋਲ ਪਲਾਜ਼ਾ, ਲੁਧਿਆਣਾ ਸਾਊਥ ਸਿਟੀ-ਲਾਡੋਵਾਲ ਬਾਈਪਾਸ ਟੋਲ ਪਲਾਜ਼ਾ ਤੋਂ ਇਲਾਵਾ ਬਠਿੰਡਾ-ਚੰਡੀਗੜ੍ਹ ਮਾਰਗ ‘ਤੇ 5, ਬਠਿੰਡਾ-ਅੰਮ੍ਰਿਤਸਰ ਮਾਰਗ ‘ਤੇ 3 ਤੇ ਬਠਿੰਡਾ-ਮਲੋਟ ਮਾਰਗ ‘ਤੇ 1 ਟੋਲ ਪਲਾਜ਼ਾ ‘ਤੇ ਵਧੀਆਂ ਹੋਈਆਂ ਦਰਾਂ ਨਾਲ ਟੋਲ ਟੈਕਸ ਭਰਨਾ ਪਏਗਾ। ਹਾਲਾਂਕਿ ਇਨ੍ਹਾਂ ਵਿੱਚ ਲਾਡੋਵਾਲ ਟੋਲ ਪਲਾਜ਼ਾ ‘ਤੇ ਵਧੇ ਹੋਏ ਰੇਟ ਇੱਕ ਅਪ੍ਰੈਲ ਨਹੀਂ ਬਲਕਿ 1 ਸਤੰਬਰ ਤੋਂ ਲਾਗੂ ਹੋਣਗੇ।
ਪੰਜਾਬ ਵਿੱਚ ਫਿਲਹਾਲ NHAI ਇੱਕ ਲਾਈਨ ਕੈਸ਼ ਟੋਲ ਦੇਣ ਦੇ ਲਈ ਰੱਖੇਗਾ। ਹਾਲਾਂਕਿ ਬਾਅਦ ਵਿੱਚ ਇਸ ਨੂੰ ਬੰਦ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਜੇਕਰ ਕੋਈ ਬਿਨ੍ਹਾਂ ਫਾਸਟੈਗ ਦੇ ਟੋਲ ਤੋਂ ਨਿਕਲਿਆ ਤਾਂ ਉਨ੍ਹਾਂ ਨੂੰ ਜ਼ੁਰਮਾਨੇ ਦੇ ਤੌਰ ‘ਤੇ ਡਬਲ ਟੋਲ ਦੇਣਾ ਪਵੇਗਾ। ਗੌਰਤਲਬ ਹੈ ਕਿ ਪੰਜਾਬ ਵਿੱਚ ਟੋਲ ਪਲਾਜ਼ਾ ਇੱਕ ਸਾਲ ਬੰਦ ਰਹੇ ਹਨ। ਕੇਂਦਰ ਦੇ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਨੇ ਇਨ੍ਹਾਂ ਨੂੰ ਬੰਦ ਕਰ ਦਿੱਤਾ ਸੀ। ਇਸ ਕਾਰਨ ਹੁਣ ਰੇਟ ਵਧਾ ਕੇ ਕੰਪਨੀਆਂ ਵੱਲੋਂ ਇਸ ਨੁਕਸਾਨ ਦੀ ਭਰਪਾਈ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: