ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਸਾਲ ਦੇ ਪਹਿਲੇ ਵਿਦੇਸ਼ ਦੌਰੇ ਲਈ ਐਤਵਾਰ ਰਾਤ ਦਿੱਲੀ ਤੋਂ ਰਵਾਨਾ ਹੋ ਗਏ । ਪ੍ਰਧਾਨ ਮੰਤਰੀ ਮੋਦੀ 2 ਤੋਂ 4 ਮਈ ਤੱਕ ਤਿੰਨ ਯੂਰਪੀ ਦੇਸ਼ਾਂ ਜਰਮਨੀ, ਡੈਨਮਾਰਕ ਅਤੇ ਫਰਾਂਸ ਦਾ ਦੌਰਾ ਕਰਨਗੇ । ਸਭ ਤੋਂ ਪਹਿਲਾਂ ਉਹ ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਨਾਲ ਮੁਲਾਕਾਤ ਕਰਨਗੇ ਅਤੇ ਬਰਲਿਨ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਿਤ ਕਰਨਗੇ । ਇਸ ਤੋਂ ਬਾਅਦ 3 ਮਈ ਨੂੰ ਇੰਡੋ-ਨੋਰਡਿਕ ਕਾਨਫਰੰਸ ਵਿੱਚ ਹਿੱਸਾ ਲੈਣਗੇ ਅਤੇ ਫਿਰ ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਵਿੱਚ ਭਾਰਤੀਆਂ ਨੂੰ ਸੰਬੋਧਿਤ ਕਰਨਗੇ। ਅੰਤ ਵਿੱਚ ਪੀਐੱਮ ਮੋਦੀ ਪੈਰਿਸ ਵਿੱਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਮੁਲਾਕਾਤ ਕਰਨਗੇ।
PMO ਤੋਂ ਜਾਰੀ ਪ੍ਰੈਸ ਰਿਲੀਜ਼ ਵਿੱਚ ਪ੍ਰਧਾਨ ਮੰਤਰੀ ਦੀ ਇਸ ਫੇਰੀ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਹੈ । ਪ੍ਰਧਾਨ ਮੰਤਰੀ ਮੋਦੀ ਅੱਜ ਸਭ ਤੋਂ ਪਹਿਲਾਂ ਜਰਮਨੀ ਦੀ ਰਾਜਧਾਨੀ ਬਰਲਿਨ ਪਹੁੰਚਣਗੇ। ਇੱਥੇ ਉਹ ਜਰਮਨ ਚਾਂਸਲਰ ਓਲਾਫ ਸਕੋਲਜ਼ ਦੇ ਨਾਲ 6ਵੇਂ ਭਾਰਤ-ਜਰਮਨੀ ਇੰਟਰ-ਗਵਰਨਮੇਂਟਲ ਕੰਸਲਟੇਸ਼ਨ (IGC) ਵਿੱਚ ਸ਼ਾਮਿਲ ਹੋਣਗੇ।
ਇਹ ਵੀ ਪੜ੍ਹੋ: ਮਾਨ ਸਰਕਾਰ ਦਾ ਵੱਡਾ ਫੈਸਲਾ, ਹੁਣ ਵਿਧਾਇਕ ਆਪਣੀ ਜੇਬ ‘ਚੋਂ ਭਰਨਗੇ ਟੈਕਸ, ਭਲਕੇ ਹੋ ਸਕਦੈ ਐਲਾਨ
ਪੀਐੱਮ ਮੋਦੀ ਦੇ ਹਵਾਲਾ ਤੋਂ ਕਿਹਾ ਗਿਆ ਹੈ ਕਿ 2021 ਵਿੱਚ ਭਾਰਤ-ਜਰਮਨੀ ਦੇ ਕੂਟਨੀਤਕ ਸਬੰਧਾਂ ਨੂੰ 70 ਸਾਲ ਪੂਰੇ ਹੋ ਗਏ ਹਨ ਅਤੇ ਨਾਲ ਹੀ ਅਸੀਂ ਸਾਲ 2000 ਤੋਂ ਰਣਨੀਤਕ ਭਾਈਵਾਲ ਵੀ ਹਾਂ । ਮੈਂ ਚਾਂਸਲਰ ਸਕੋਲਜ਼ ਨਾਲ ਰਣਨੀਤਕ, ਖੇਤਰੀ ਅਤੇ ਗਲੋਬਲ ਵਿਕਾਸ ਬਾਰੇ ਚਰਚਾ ਕਰਾਂਗਾ । ਜਰਮਨ ਚਾਂਸਲਰ ਅਤੇ ਮੈਂ ਸਾਡੇ ਉਦਯੋਗ ਸਹਿਯੋਗ ਲਈ ਇੱਕ ਵਪਾਰਕ ਗੋਲਮੇਜ਼ ਮੀਟਿੰਗ ਨੂੰ ਵੀ ਸੰਬੋਧਿਤ ਕਰਾਂਗੇ। ਯੂਰਪ ਮਹਾਂਦੀਪ ਭਾਰਤੀ ਮੂਲ ਦੇ 10 ਲੱਖ ਤੋਂ ਵੱਧ ਲੋਕਾਂ ਦਾ ਘਰ ਹੈ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਜਰਮਨੀ ਵਿੱਚ ਰਹਿੰਦੀ ਹੈ। ਪ੍ਰਧਾਨ ਮੰਤਰੀ ਮੋਦੀ ਇੱਥੇ ਭਾਰਤੀ ਮੂਲ ਦੇ ਲੋਕਾਂ ਨੂੰ ਸੰਬੋਧਿਤ ਕਰਨਗੇ।
ਇਸ ਤੋਂ ਬਾਅਦ ਪੀਐੱਮ ਮੋਦੀ 3 ਮਈ ਨੂੰ ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਪਹੁੰਚਣਗੇ। ਇੱਥੇ ਉਹ 3 ਅਤੇ 4 ਮਈ ਨੂੰ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨਾਲ ਦੁਵੱਲੇ ਸਮਾਗਮ ਅਤੇ ਦੂਜੇ ਭਾਰਤ-ਨੋਰਡਿਕ ਸਿਖਰ ਸੰਮੇਲਨ ਵਿੱਚ ਸ਼ਾਮਿਲ ਹੋਣਗੇ। ਇਸ ਦੇ ਨਾਲ ਹੀ ਆਰਥਿਕ ਸੁਧਾਰ, ਜਲਵਾਯੂ ਪਰਿਵਰਤਨ ਅਤੇ ਨਵਿਆਉਣਯੋਗ ਊਰਜਾ ਵਰਗੇ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ । ਸਿਖਰ ਸੰਮੇਲਨ ਦੌਰਾਨ ਪੀਐੱਮ ਮੋਦੀ ਚਾਰ ਹੋਰ ਨੌਰਡਿਕ ਦੇਸ਼ਾਂ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਨੋਰਡਿਕ ਖੇਤਰ ਵਿੱਚ ਡੈਨਮਾਰਕ, ਫਿਨਲੈਂਡ, ਆਈਸਲੈਂਡ, ਨਾਰਵੇ ਅਤੇ ਸਵੀਡਨ ਸ਼ਾਮਿਲ ਹਨ।
ਦੱਸ ਦੇਈਏ ਕਿ ਆਪਣੀ ਵਾਪਸੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਨੂੰ ਮੁੜ ਚੋਣ ਜਿੱਤਣ ‘ਤੇ ਵਧਾਈ ਦੇਣਗੇ। ਇਸ ਦੇ ਨਾਲ ਹੀ ਇੰਡੋ-ਫਰਾਂਸ ਰਣਨੀਤਕ ਭਾਈਵਾਲੀ ਦੇ ਅਗਲੇ ਪੜਾਅ ਬਾਰੇ ਚਰਚਾ ਕੀਤੀ ਜਾਵੇਗੀ । ਪ੍ਰਧਾਨ ਮੰਤਰੀ ਨੇ ਕਿਹਾ ਕਿ ਮੇਰੀ ਯੂਰਪ ਯਾਤਰਾ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਇਹ ਖੇਤਰ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਮੈਂ ਇਸ ਦੌਰੇ ਰਾਹੀਂ ਆਪਣੇ ਯੂਰਪੀ ਸਾਥੀ ਨਾਲ ਸਹਿਯੋਗ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦਾ ਇਰਾਦਾ ਰੱਖਦਾ ਹਾਂ।
ਵੀਡੀਓ ਲਈ ਕਲਿੱਕ ਕਰੋ -: