ਦੇਸ਼ ਵਿੱਚ ਗਰਮੀ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ। ਐਡਵਾਈਜ਼ਰੀ ਵਿੱਚ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਨਾਗਰਿਕਾਂ ਨੂੰ ਦੱਸਿਆ ਹੈ ਕਿ ਲੂ ਲੱਗਣ ਦੀ ਸਥਿਤੀ ਵਿੱਚ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ । ਇਸ ਦੇ ਨਾਲ ਹੀ ਸੂਬਾ ਸਰਕਾਰਾਂ ਨੂੰ ਲੂ ਦੇ ਮਰੀਜ਼ਾਂ ਦੇ ਇਲਾਜ ਲਈ ਲੋੜੀਂਦੀਆਂ ਸਿਹਤ ਸਹੂਲਤਾਂ ਅਤੇ ਹੋਰ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ । ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ਤੱਕ ਅੱਗ ਵਰ੍ਹਦੀ ਗਰਮੀ ਤੋਂ ਰਾਹਤ ਮਿਲੇਗੀ ਪਰ ਇਸ ਤੋਂ ਬਾਅਦ ਪਾਰਾ ਫਿਰ ਚੜ੍ਹ ਜਾਵੇਗਾ । ਰਿਪੋਰਟਾਂ ਅਨੁਸਾਰ ਮੌਸਮ ਵਿਭਾਗ ਵੱਲੋਂ ਉੱਤਰੀ ਭਾਰਤ ਵਿੱਚ ਇਸ ਵਾਰ ਤਾਪਮਾਨ 50 ਡਿਗਰੀ ਤੋਂ ਉੱਪਰ ਪਹੁੰਚਣ ਦਾ ਅਨੁਮਾਨ ਲਗਾਇਆ ਗਿਆ ਹੈ ।
ਕੇਂਦਰ ਸਰਕਾਰ ਦੀ ਇਹ ਐਡਵਾਈਜ਼ਰੀ ਅਜਿਹੇ ਸਮੇਂ ਵਿੱਚ ਆਈ ਹੈ ਜਦੋਂ ਉੱਤਰੀ ਭਾਰਤ ਵਿੱਚ ਭਿਆਨਕ ਗਰਮੀ ਨੇ 122 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ । ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਅਪ੍ਰੈਲ ਵਿੱਚ ਉੱਤਰ-ਪੱਛਮੀ ਖੇਤਰਾਂ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ 35.90 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਮੱਧ ਭਾਰਤ ਵਿੱਚ ਇਹ 37.78 ਡਿਗਰੀ ਸੈਲਸੀਅਸ ਰਿਹਾ । ਜੋ ਪਿਛਲੇ 120 ਸਾਲਾਂ ਵਿੱਚ ਸਭ ਤੋਂ ਵੱਧ ਹੈ। ਅਪ੍ਰੈਲ ਵਿੱਚ ਹੀ ਕਈ ਥਾਵਾਂ ‘ਤੇ ਪਾਰਾ 47 ਡਿਗਰੀ ਦੇ ਪੱਧਰ ਨੂੰ ਛੂਹ ਗਿਆ ਹੈ ।
ਇਹ ਵੀ ਪੜ੍ਹੋ: ਕੁਮਾਰ ਵਿਸ਼ਵਾਸ ਨੂੰ ਵੱਡੀ ਰਾਹਤ, ਪੰਜਾਬ-ਹਰਿਆਣਾ ਹਾਈਕੋਰਟ ਨੇ ਗ੍ਰਿਫਤਾਰੀ ‘ਤੇ ਲਗਾਈ ਰੋਕ
ਦੇਸ਼ ਵਿੱਚ ਗਰਮੀ ਦੇ ਪ੍ਰਕੋਪ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ । ਕੇਂਦਰ ਵੱਲੋਂ ਜਾਰੀ ਐਡਵਾਈਜ਼ਰੀ ਵਿੱਚ ਲੋਕਾਂ ਨੂੰ ਗਰਮੀ ਵਿੱਚ ਖਾਸ ਕਰਕੇ ਦੁਪਹਿਰ 12 ਤੋਂ 3 ਵਜੇ ਤੱਕ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਜੇ ਘਰੋਂ ਬਾਹਰ ਜਾਣਾ ਜਰੂਰੀ ਹੋਵੇ ਤਾਂ ਛੱਤਰੀ ਰੱਖੋ ਜਾਂ ਸਿੱਧੀ ਧੁੱਪ ਤੋਂ ਬਚਣ ਲਈ ਇਸਨੂੰ ਟੋਪੀ, ਤੌਲੀਏ, ਸਕਾਰਫ਼ ਆਦਿ ਨਾਲ ਆਪਣੇ ਆਪ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ । ਧੁੱਪ ਵਿੱਚ ਨੰਗੇ ਪੈਰ ਨਾ ਨਿਕਲੋ। ਪਿਆਸ ਨਾ ਲੱਗਣ ‘ਤੇ ਵੀ ਪਾਣੀ ਪੀਂਦੇ ਰਹੋ। ਮੌਸਮੀ ਫਲ ਅਤੇ ਸਬਜ਼ੀਆਂ ਖਾਓ।
ਸਰਕਾਰ ਨੇ ਕਿਹਾ ਹੈ ਕਿ ਨਵਜੰਮੇ ਅਤੇ ਛੋਟੇ ਬੱਚੇ, ਗਰਭਵਤੀ ਔਰਤਾਂ, ਮਾਨਸਿਕ ਤੌਰ ‘ਤੇ ਪਰੇਸ਼ਾਨ ਲੋਕ ਅਤੇ ਬਾਹਰ ਕੰਮ ਕਰਨ ਵਾਲੇ ਲੋਕਾਂ ਨੂੰ ਲੂ ਲੱਗਣ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਇਸ ਦੌਰਾਨ ਚੱਕਰ ਆਉਣੇ, ਹੱਥਾਂ, ਅੱਡੀਆਂ ਅਤੇ ਗਿੱਟਿਆਂ ਵਿੱਚ ਸੋਜ, ਮਾਸਪੇਸ਼ੀਆਂ ਦੀ ਕਮਜ਼ੋਰੀ, ਅਕੜਾਅ, ਸਰੀਰ ਦਾ ਤਾਪਮਾਨ 104 ਡਿਗਰੀ ਫਾਰਨਹਾਈਟ ਤੋਂ ਉੱਪਰ, ਦਿਲ ਕੱਚਾ ਹੋਣਾ, ਉਲਟੀਆਂ ਆਉਣਾ, ਦਿਲ ਦੀ ਧੜਕਣ ਵਧਣਾ, ਸਾਹ ਲੈਣ ਵਿੱਚ ਮੁਸ਼ਕਲ ਵਰਗੇ ਲੱਛਣਾਂ ਨੂੰ ਡਾਕਟਰੀ ਐਮਰਜੈਂਸੀ ਵਜੋਂ ਮੰਨਿਆ ਜਾਣਾ ਚਾਹੀਦਾ ਹੈ। ਐਡਵਾਈਜ਼ਰੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਲੂ ਦੇ ਗੰਭੀਰ ਲੱਛਣ ਦੇਖਦੇ ਹੋ ਤਾਂ 108/102 ਹੈਲਪਲਾਈਨ ‘ਤੇ ਸੰਪਰਕ ਕਰੋ।
ਵੀਡੀਓ ਲਈ ਕਲਿੱਕ ਕਰੋ -: