ਕੋਰੋਨਾ ਕਾਰਨ ਹੋਈਆਂ ਮੌਤਾਂ ਨੂੰ ਲੈ ਕੇ WHO ਨੇ ਇੱਕ ਰਿਪੋਰਟ ਜਾਰੀ ਕੀਤੀ ਹੈ । ਉਸ ਰਿਪੋਰਟ ਦੇ ਅਨੁਸਾਰ ਭਾਰਤ ਵਿੱਚ ਕੋਰੋਨਾ ਕਾਰਨ 47 ਲੱਖ ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਦੇ ਨਾਲ ਹੀ ਭਾਰਤ ਦਾ ਜੋ ਅਧਿਕਾਰਤ ਅੰਕੜਾ ਪੰਜ ਲੱਖ ਤੋਂ ਥੋੜ੍ਹਾ ਵੱਧ ਹੈ । ਅਜਿਹੇ ਵਿੱਚ ਭਾਰਤ ਸਰਕਾਰ ਨੇ WHO ਦੀ ਰਿਪੋਰਟ ‘ਤੇ ਇਤਰਾਜ਼ ਜਤਾਇਆ ਹੈ।
ਭਾਰਤ ਸਰਕਾਰ ਨੇ ਉਸ ਅੰਕੜੇ ‘ਤੇ ਹੀ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਮੁਤਾਬਕ ਵਿਸ਼ਵ ਸਿਹਤ ਸੰਗਠਨ ਨੇ ਜਿਸ ਤਕਨੀਕ ਜਾਂ ਮਾਡਲ ਰਾਹੀਂ ਇਹ ਅੰਕੜੇ ਇਕੱਠੇ ਕੀਤੇ ਹਨ, ਉਹ ਸਹੀ ਨਹੀਂ ਹਨ। ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਇਤਰਾਜ਼ਾਂ ਦੇ ਬਾਵਜੂਦ WHO ਨੇ ਪੁਰਾਣੀ ਤਕਨੀਕ ਅਤੇ ਮਾਡਲ ਰਾਹੀਂ ਮੌਤਾਂ ਦੇ ਅੰਕੜੇ ਜਾਰੀ ਕੀਤੇ ਹਨ, ਭਾਰਤ ਦੀਆਂ ਚਿੰਤਾਵਾਂ ਨੂੰ ਸਹੀ ਢੰਗ ਨਾਲ ਧਿਆਨ ਵਿੱਚ ਨਹੀਂ ਰੱਖਿਆ ਗਿਆ।
ਸਰਕਾਰ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ WHO ਵੱਲੋਂ ਜੋ ਅੰਕੜੇ ਜਾਰੀ ਕੀਤੇ ਗਏ ਹਨ ਉਹ ਸਿਰਫ 17 ਰਾਜਾਂ ਦੇ ਹਨ । ਕੇਂਦਰ ਦੇ ਮੁਤਾਬਕ ਉਹ ਕਿਹੜੇ ਰਾਜ ਹਨ, ਇਸ ਬਾਰੇ ਵੀ WHO ਵੱਲੋਂ ਲੰਬੇ ਸਮੇਂ ਤੱਕ ਸਪੱਸ਼ਟ ਨਹੀਂ ਕੀਤਾ ਸੀ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਅੰਕੜੇ ਕਦੋਂ ਇਕੱਠੇ ਕੀਤੇ ਗਏ ਸਨ । ਇਸ ਤੋਂ ਇਲਾਵਾ ਸਰਕਾਰ ਨੇ ਇਸ ਗੱਲ ‘ਤੇ ਵੀ ਇਤਰਾਜ਼ ਜਤਾਇਆ ਹੈ ਕਿ WHO ਨੇ ਗਣਿਤ ਦੇ ਮਾਡਲਾਂ ਦੀ ਵਰਤੋਂ ਕਰਕੇ ਅੰਕੜੇ ਇਕੱਠੇ ਕੀਤੇ ਹਨ, ਜਦੋਂ ਕਿ ਭਾਰਤ ਵੱਲੋਂ ਹਾਲ ਹੀ ਵਿੱਚ ਭਰੋਸੇਯੋਗ CSR ਰਿਪੋਰਟ ਜਾਰੀ ਕੀਤੀ ਗਈ ਸੀ।
ਦੱਸ ਦੇਈਏ ਕਿ WHO ਦੀ ਰਿਪੋਰਟ ਮੁਤਾਬਕ ਪਿਛਲੇ ਦੋ ਸਾਲਾਂ ਵਿੱਚ 1.5 ਕਰੋੜ ਲੋਕਾਂ ਦੀ ਮੌਤ ਕੋਰੋਨਾ ਜਾਂ ਫਿਰ ਸਮੇਂ ‘ਤੇ ਇਲਾਜ ਨਾ ਮਿਲਣ ਕਾਰਨ ਹੋਈ ਹੈ । ਇਸ ਦੇ ਨਾਲ ਹੀ ਭਾਰਤ ਦਾ ਅੰਕੜਾ 47 ਲੱਖ ਤੋਂ ਵੱਧ ਦੱਸਿਆ ਗਿਆ ਹੈ । ਇਸ ਸਬੰਧ ਵਿੱਚ WHO ਦੇ ਮੁਖੀ ਟੇਡਰੋਸ ਅਡਾਨੋਮ ਘੇਬਰੇਅਸ ਨੇ ਕਿਹਾ ਹੈ ਕਿ ਇਹ ਬਹੁਤ ਗੰਭੀਰ ਅੰਕੜੇ ਹਨ। ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਹੈ ਕਿ ਸਾਰੇ ਦੇਸ਼ਾਂ ਨੂੰ ਭਵਿੱਖ ਦੀ ਸਿਹਤ ਸੰਕਟ ਨਾਲ ਨਜਿੱਠਣ ਲਈ ਹੋਰ ਤਿਆਰੀ ਕਰਨੀ ਚਾਹੀਦੀ ਹੈ ਅਤੇ ਇਸ ਦਿਸ਼ਾ ਵਿੱਚ ਵਧੇਰੇ ਨਿਵੇਸ਼ ‘ਤੇ ਵੀ ਧਿਆਨ ਦੇਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -: