ਹਰਿਆਣਾ ਸਰਕਾਰ ਵੱਲੋਂ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਤੋਹਫਾ ਦਿੱਤਾ ਗਿਆ ਹੈ। ਖੱਟਰ ਸਰਕਾਰ ਵੱਲੋਂ ਸੂਬੇ ਵਿੱਚ 10ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮੁਫ਼ਤ ਟੈਬਲੇਟ ਵੰਡੇ ਗਏ ਹਨ। ਖੱਟਰ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਈ-ਲਰਨਿੰਗ, ਇੱਕ ਟੈਬਲੇਟ ਅਧਾਰਤ ਸਿਖਲਾਈ ਪ੍ਰੋਗਰਾਮ ਲਾਂਚ ਕੀਤਾ ਗਿਆ ਹੈ।
ਵਿਦਿਆਰਥੀਆਂ ਨੂੰ ਟੈਬਲਿਟ ਵੰਡਣ ਦੌਰਾਨ ਸੀਐਮ ਖੱਟਰ ਨੇ ਕਿਹਾ ਕਿ ਪਹਿਲਾਂ ਸਕੂਲੀ ਬੱਚਿਆਂ ਨੂੰ ਕਿਤਾਬਾਂ ਬੈਗਾਂ ਵਿੱਚ ਲੈ ਕੇ ਜਾਣੀਆਂ ਪੈਂਦੀਆਂ ਸਨ, ਪਰ ਹੁਣ ਉਨ੍ਹਾਂ ਦੀਆਂ ਕਿਤਾਬਾਂ ਇਸ ਟੈਬ ਵਿੱਚ ਹੋਣਗੀਆਂ। ਈ-ਲਰਨਿੰਗ ਮੁਹਿੰਮ ਨਵੀਂ ਸਿੱਖਿਆ ਨੀਤੀ ਦੇ ਅਨੁਸਾਰ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਤਕਨਾਲੋਜੀ ਰਾਹੀਂ ਸਿੱਖਿਆ ਪ੍ਰਦਾਨ ਕਰਨ ਦੀ ਕਲਪਨਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਨੇ ਸਰਕਾਰੀ ਸਕੂਲਾਂ ਦੇ ਪੰਜ ਲੱਖ ਵਿਦਿਆਰਥੀਆਂ ਨੂੰ ਟੈਬਲੇਟ ਵੰਡੇ ਹਨ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਸੂਬਾ ਆਪਣੇ ਬਜਟ ਦਾ ਵੱਧ ਤੋਂ ਵੱਧ ਹਿੱਸਾ ਸਿੱਖਿਆ ਖੇਤਰ ‘ਤੇ ਖਰਚ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਬਜਟ ਵਿੱਚ ਇਕੱਲੇ ਸਿੱਖਿਆ ਲਈ 20,000 ਕਰੋੜ ਰੁਪਏ ਨਿਰਧਾਰਿਤ ਕੀਤੇ ਗਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸਿੱਖਿਆ ਖੇਤਰ ਲਈ ਦੋ ਟਾਸਕ ਫੋਰਸਾਂ ਦਾ ਗਠਨ ਕਰੇਗੀ। ਇੱਕ ਤਾਂ ਸਕੂਲ ਦੁਆਂ ਬੁਨਿਆਦੀ ਸੁਵਿਧਾਵਾਂ, ਚਾਰਦੀਵਾਰੀ, ਸੁੰਦਰੀਕਰਨ, ਸਾਫ਼-ਸਫ਼ਾਈ, ਸੜਕਾਂ, ਪਾਣੀ ਸਣੇ ਹੋਰ ਜ਼ਰੂਰੀ ਲੋੜਾਂ ‘ਤੇ ਕੰਮ ਕਰੇਗੀ, ਜਦਕਿ ਦੂਜੀ ਟਾਸਕ ਫੋਰਸ ਸਕੂਲਾਂ ਵਿੱਚ ਫਰਨੀਚਰ ਆਦਿ ਦਾ ਪ੍ਰਬੰਧ ਯਕੀਨੀ ਬਣਾਏਗੀ।
ਇਸ ਤੋਂ ਅੱਗੇ ਵਿਦਿਆਰਥੀਆਂ ਨੂੰ ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ ਹੁਨਰ ਹਾਸਲ ਕਰਨ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਬੱਚਿਆਂ ਦੇ ਆਈ.ਟੀ. ਹੁਨਰ ਵਿੱਚ ਸੁਧਾਰ ਲਈ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਵਿਸ਼ਾ ਵਾਰ ਓਲੰਪੀਆਡ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਭੌਤਿਕ ਵਿਗਿਆਨ ਅਤੇ ਗਣਿਤ ਦੇ ਵਿਦਿਆਰਥੀਆਂ ਵਿੱਚ ਸਿਹਤਮੰਦ ਮੁਕਾਬਲਾ ਹੋ ਸਕੇ। ਚੰਗੇ ਅੰਕ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਨਾਸਾ ਅਤੇ ਇਸਰੋ ਵਰਗੀਆਂ ਸੰਸਥਾਵਾਂ ਵਿੱਚ ਭੇਜਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: