ਕਿਸਾਨਾਂ ਨੂੰ ਇੱਕ ਵਾਰ ਫਿਰ ਮਹਿੰਗਾਈ ਦਾ ਝਟਕਾ ਲੱਗਿਆ ਹੈ । ਖਾਦ ਕੰਪਨੀਆਂ ਵੱਲੋਂ DAP ਤੋਂ ਬਾਅਦ ਹੁਣ ਐਨਪੀਕੇ ਖਾਦ ਵਿੱਚ 40 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰ ਦਿੱਤਾ ਗਿਆ ਹੈ । ਖਾਦ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਤੋਂ ਬਾਅਦ 50 ਕਿਲੋ ਦਾ ਗੱਟਾ 1450 ਤੋਂ ਵਧਕੇ 1470 ਰੁਪਏ ਦਾ ਹੋ ਗਿਆ ਹੈ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ DAP ਅਤੇ ਪੋਟਾਸ਼ ਖਾਦਾਂ ਦੀਆਂ ਕੀਮਤਾਂ ਵਧਣ ਕਾਰਨ ਕਿਸਾਨ ਪਹਿਲਾਂ ਹੀ ਪਰੇਸ਼ਾਨ ਸਨ, ਪਰ ਹੁਣ ਖਾਦ ਕੰਪਨੀਆਂ ਵੱਲੋਂ NPK ਖਾਦ ਦੀਆਂ ਕੀਮਤਾਂ ਵਧ ਕੇ ਕਿਸਾਨਾਂ ਨੂੰ ਇੱਕ ਹੋਰ ਝਟਕਾ ਦਿੱਤਾ ਗਿਆ ਹੈ।
ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਜਰਨਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਦੱਸਿਆ ਕੇ ਖਾਦ ਕੰਪਨੀਆਂ ਨੇ ਐੱਨਪੀਕੇ ਖਾਦ ਗਰੇਡ 12:32:16 ਅਤੇ 10:26:26 ਦੀ ਕੀਮਤ 1450 ਤੋਂ 1470 ਰੁਪਏ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਕਿਸਾਨ ਡੀਏਪੀ ਖਾਦ ਨਾਲੋਂ ਵੱਧ ਐਨਪੀਕੇ ਖਾਦ ਦੀ ਵਰਤੋਂ ਕਰਦੇ ਹਨ ਭਾਵੇਂ ਕਿ ਪੰਜਾਬ ਦੇ ਕਿਸਾਨ ਇਸ ਖਾਦ ਦੀ ਵਰਤੋਂ ਨਾ ਮਾਤਰ ਹੀ ਕਰਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਨਵੰਬਰ 2021 ਵਿੱਚ ਡੀਏਪੀ ਦੀ ਘਾਟ ਕਾਰਨ ਐਨਪੀਕੇ (ਗਰੇਡ 12:32:16) ਖਾਦ ਦੀ ਵਰਤੋਂ ਕਰ ਕੇ ਕਣਕ ਦੀ ਬਿਜਾਈ ਕੀਤੀ ਸੀ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਵੱਧ ਰਹੀਆਂ ਡੀਜ਼ਲ ਦੀਆਂ ਕੀਮਤਾਂ ਤੇ ਮਹਿੰਗਾਈ ਕਾਰਨ ਕਿਸਾਨ ਪਹਿਲਾਂ ਹੀ ਚਿੰਤਤ ਸੀ, ਪਰ ਹੁਣ ਖਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਕਾਰਨ ਕਿਸਾਨਾਂ ਨੂੰ ਦੁੱਗਣੀ ਮਾਰ ਝੱਲਣੀ ਪਵੇਗੀ।
ਵੀਡੀਓ ਲਈ ਕਲਿੱਕ ਕਰੋ -: