ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੇ ਵੱਡੀ ਕਾਰਵਾਈ ਕਰਦੇ ਹੋਏ ਇੱਕ ਡੇਰੇ ਵੱਲੋਂ ਬਿਜਲੀ ਚੋਰੀ ਕਰਨ ‘ਤੇ 26 ਲੱਖ ਦਾ ਜੁਰਮਾਨਾ ਲਾਇਆ। ਪੀ.ਐਸ.ਪੀ.ਸੀ.ਐਲ. ਦੀ ਟੀਮ ਨੇ ਤਰਨਤਾਰਨ ਦੇ ਭਿੱਖੀਵਿੰਡ ਵਿਖੇ ਇੱਕ ਡੇਰੇ ਵੱਲੋਂ ਕੀਤੀ ਜਾ ਰਹੀ ਬਿਜਲੀ ਦੀ ਸਿੱਧੀ ਚੋਰੀ ਨੂੰ ਫੜਿਆ।
ਪੀਐਸਪੀਸੀਐਲ ਦੇ ਬੁਲਾਰੇ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਤਰਨਤਾਰਨ ਦੀ ਇਨਫੋਰਸਮੈਂਟ ਟੀਮ ਬਿਜਲੀ ਚੋਰੀ ਸਬੰਧੀ ਇੱਕ ਸ਼ਿਕਾਇਤ ਦੀ ਜਾਂਚ ਕਰ ਰਹੀ ਹੈ। ਜਾਂਚ ਦੌਰਾਨ ਟੀਮ ਨੇ ਮੌਕੇ ’ਤੇ ਪਾਇਆ ਕਿ 300 ਕੇਵੀਏ ਦੇ ਟਰਾਂਸਫਾਰਮਰ ਨੂੰ ਨੇੜਲੀਆਂ ਹਾਈ ਟੈਂਸ਼ਨ ਤਾਰਾਂ ਨਾਲ ਸਿੱਧਾ ਜੋੜ ਕੇ ਬਿਜਲੀ ਚੋਰੀ ਕੀਤੀ ਜਾ ਰਹੀ ਹੈ।
ਚੈਕਿੰਗ ਦੌਰਾਨ ਗੈਰ-ਕਾਨੂੰਨੀ ਢੰਗ ਨਾਲ ਵਰਤੇ ਜਾ ਰਹੇ ਇੱਕ ਵੱਡੇ ਅਣਅਧਿਕਾਰਤ ਲੋਡ ਦਾ ਪਤਾ ਲੱਗਿਆ, ਜਿਸ ਵਿੱਚ 17 ਏ.ਸੀ., 7 ਗੀਜ਼ਰ, 4 ਮੋਟਰਾਂ, 196 ਲਾਈਟਾਂ ਅਤੇ 87 ਪੱਖੇ ਚਲਾਏ ਜਾ ਰਹੇ ਸਨ।
ਸਬ-ਡਿਵੀਜ਼ਨ ਅਧਿਕਾਰੀ ਸੁਰ ਸਿੰਘ ਵੱਲੋਂ ਬਿਜਲੀ ਚੋਰੀ ਦੇ ਜੁਰਮਾਨੇ ਵਜੋਂ 26 ਲੱਖ ਰੁਪਏ ਦਾ ਨੋਟਿਸ ਭੇਜਿਆ ਗਿਆ ਹੈ ਅਤੇ ਖਪਤਕਾਰ ਵਿਰੁੱਧ ਕਾਨੂੰਨ ਮੁਤਾਬਕ ਕਾਰਵਾਈ ਕਰਨ ਲਈ ਐਂਟੀ ਪਾਵਰ ਥੈਫਟ ਥਾਣਾ ਵੇਰਕਾ ਅੰਮ੍ਰਿਤਸਰ ਵਿਖੇ ਐਫ.ਆਈ.ਆਰ. ਵੀ ਦਰਜ ਕਰਵਾਈ ਗਈ ਹੈ।
ਇਸ ਦੌਰਾਨ ਪੀ.ਐੱਸ.ਪੀ.ਸੀ.ਐੱਲ. ਨੇ ਆਪਣੇ ਸਾਰੇ ਮਾਣਯੋਗ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਰਾਜ ਵਿੱਚ ਬਿਜਲੀ ਚੋਰੀ ਵਿਰੁੱਧ ਵਿੱਢੀ ਮੁਹਿੰਮ ਲਈ ਬਿਜਲੀ ਚੋਰੀ ਬਾਰੇ ਫੀਡਬੈਕ ਦੇ ਕੇ ਬਿਜਲੀ ਚੋਰੀ ਦੇ ਖ਼ਤਰੇ ਨੂੰ ਕਾਬੂ ਕਰਨ ਵਿੱਚ PSPCL ਦੀ ਮਦਦ ਕਰਨ। ਕੋਈ ਵੀ ਖਪਤਕਾਰ/ਨਾਗਰਿਕ ਵ੍ਹਾਟਸਐਪ ਨੰਬਰ 96461-75770 ‘ਤੇ ਬਿਜਲੀ ਚੋਰੀ ਬਾਰੇ ਫੀਡਬੈਕ ਦੇ ਸਕਦਾ ਹੈ। ਪੀਐਸਪੀਸੀਐਲ ਨੇ ਆਪਣੇ ਖਪਤਕਾਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਪਛਾਣ ਦਾ ਗੁਪਤ ਰੱਖੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: