Jacqueline Money Laundering Case: ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਕਥਿਤ ਸਬੰਧਾਂ ਦੇ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਰਾਡਾਰ ‘ਤੇ ਬਣੀ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ 31 ਮਈ ਤੋਂ 6 ਜੂਨ ਤੱਕ ਵਿਦੇਸ਼ ਜਾਣ ਦੀ ਅਦਾਲਤ ਤੋਂ ਇਜਾਜ਼ਤ ਮਿਲ ਗਈ ਹੈ।
ਆਬੂ ਧਾਬੀ ਵਿੱਚ ਹੋਣ ਵਾਲੇ ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ ਅਵਾਰਡਜ਼ ਵਿੱਚ ਸ਼ਾਮਲ ਹੋਣ ਦੀ ਚਾਹਵਾਨ ਜੈਕਲੀਨ ਫਰਨਾਂਡੀਜ਼ ਨੇ ਪਟਿਆਲਾ ਹਾਊਸ ਕੋਰਟ ਵਿੱਚ ਪਹੁੰਚ ਕੀਤੀ ਸੀ, ਜਿੱਥੇ ਉਸ ਨੇ ਯੂ.ਏ.ਈ., ਫਰਾਂਸ ਅਤੇ ਨੇਪਾਲ ਦੀ ਯਾਤਰਾ ਕਰਨ ਦੀ ਇਜਾਜ਼ਤ ਮੰਗੀ ਸੀ। ਹੁਣ ਉਸ ਨੂੰ ਅਦਾਲਤ ਤੋਂ 31 ਮਈ ਤੋਂ 6 ਜੂਨ ਤੱਕ ਵਿਦੇਸ਼ ਜਾਣ ਦੀ ਇਜਾਜ਼ਤ ਮਿਲ ਗਈ ਹੈ। ਐਡੀਸ਼ਨਲ ਸੈਸ਼ਨ ਜੱਜ ਪ੍ਰਵੀਨ ਸਿੰਘ ਨੇ ਕਿਹਾ ਕਿ ਇਸ ਦੌਰਾਨ ਇਸ ਮਾਮਲੇ ‘ਚ ਉਨ੍ਹਾਂ ਖਿਲਾਫ ਜਾਰੀ ਲੁਕਆਊਟ ਸਰਕੂਲਰ (ਐੱਲ.ਓ.ਸੀ.) ਮੁਅੱਤਲ ਰਹੇਗਾ। ਅਦਾਲਤ ਨੇ ਉਨ੍ਹਾਂ ਨੂੰ 50 ਲੱਖ ਰੁਪਏ ਦੀ ਜ਼ਮਾਨਤ ਦੇ ਨਾਲ 50 ਲੱਖ ਰੁਪਏ ਦੀ ਫਿਕਸਡ ਡਿਪਾਜ਼ਿਟ ਰਸੀਦ (ਐਫਡੀਆਰ) ਅਤੇ ਯਾਤਰਾ ਦੌਰਾਨ ਉਨ੍ਹਾਂ ਦੇ ਠਹਿਰਣ ਦੇ ਵੇਰਵੇ ਅਤੇ ਵਾਪਸੀ ਦੀ ਮਿਤੀ ਦਾ ਵੇਰਵਾ ਦੇਣ ਦਾ ਨਿਰਦੇਸ਼ ਦਿੱਤਾ। ਨਾਲ ਹੀ, ਉਨ੍ਹਾਂ ਨੂੰ ਵਾਪਸ ਆਉਣ ‘ਤੇ ਜਾਂਚ ਏਜੰਸੀ ਨੂੰ ਸੂਚਿਤ ਕਰਨਾ ਹੋਵੇਗਾ।
ਦੱਸ ਦਈਏ ਕਿ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ‘ਚ ਈਡੀ ਨੇ ਪਿਛਲੇ ਮਹੀਨੇ ਅਦਾਕਾਰਾ ਨੂੰ ਦਿੱਤੇ 7 ਕਰੋੜ ਰੁਪਏ ਦੇ ਤੋਹਫੇ ਅਤੇ ਜਾਇਦਾਦ ਨੂੰ ਇਹ ਕਹਿੰਦੇ ਹੋਏ ਅਟੈਚ ਕੀਤਾ ਸੀ ਕਿ ਉਨ੍ਹਾਂ ਨੇ ਪੈਸੇ ਗ਼ਲਤ ਤਰੀਕੇ ਨਾਲ ਕਮਾਏ ਸਨ। ਏਜੰਸੀ ਨੇ ਇਸ ਸਾਲ ਫਰਵਰੀ ‘ਚ ਚੰਦਰਸ਼ੇਖਰ ਦੀ ਕਥਿਤ ਸਹਿਯੋਗੀ ਪਿੰਕੀ ਇਰਾਨੀ ਖਿਲਾਫ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਸੀ ਅਤੇ ਉਸ ਨੂੰ ਅਦਾਕਾਰਾ ਨਾਲ ਮਿਲਵਾਇਆ ਸੀ। ਦੋਸ਼ ਹੈ ਕਿ ਇਰਾਨੀ ਜੈਕਲੀਨ ਲਈ ਮਹਿੰਗੇ ਤੋਹਫ਼ੇ ਚੁਣਦੀ ਸੀ ਅਤੇ ਚੰਦਰਸ਼ੇਖਰ ਭੁਗਤਾਨ ਕਰਨ ਤੋਂ ਬਾਅਦ ਤੋਹਫ਼ੇ ਇਰਾਨੀ ਦੇ ਘਰ ਛੱਡ ਦਿੰਦਾ ਸੀ। ਚੰਦਰਸ਼ੇਖਰ ਨੇ ਕਈ ਮਾਡਲਾਂ ਅਤੇ ਬਾਲੀਵੁੱਡ ਹਸਤੀਆਂ ‘ਤੇ ਕਰੀਬ 20 ਕਰੋੜ ਰੁਪਏ ਖਰਚ ਕੀਤੇ ਹਨ। ਜੈਕਲੀਨ ਤੋਂ ਇਸ ਮਾਮਲੇ ‘ਚ ਈਡੀ ਕਈ ਵਾਰ ਪੁੱਛਗਿੱਛ ਕਰ ਚੁੱਕੀ ਹੈ, ਜਦਕਿ ਚੰਦਰਸ਼ੇਖਰ ਨਾਲ ਅਦਾਕਾਰਾ ਦੀ ਕਥਿਤ ਦੋਸਤੀ ਦੇ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦਾ ਬਿਆਨ ਵੀ ਦਰਜ ਕੀਤਾ ਗਿਆ ਹੈ।