ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਮਾਮਲੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਪੰਜਾਬ ਪੁਲਿਸ ਕੋਲ 7 ਦਿਨਾਂ ਦੀ ਰਿਮਾਂਡ ‘ਤੇ ਹੈ। ਜਿੱਥੇ ਲਾਰੈਂਸ ਨੂੰ ਪੰਜਾਬ ਲਿਆ ਕੇ ਇਸ ਕਤਲਕਾਂਡ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਇੱਕ ਦਿਨ ਦੀ ਰਿਮਾਂਡ ਮਿਲਣ ਮਗਰੋਂ ਜਦੋਂ ਲਾਰੈਂਸ ਨੂੰ ਦਿੱਲੀ ਤੋਂ ਪੰਜਾਬ ਲਿਆਂਦਾ ਗਿਆ ਤਾਂ ਉਹ ਬਹੁਤ ਡਰਿਆ ਤੇ ਸਹਿਮਿਆ ਹੋਇਆ ਸੀ। ਉਸ ਦਾ ਚਿਹਰਾ ਮਾਸਕ ਨਾਲ ਢੱਕਿਆ ਹੋਇਆ ਸੀ। ਉਹ ਵਾਰ-ਵਾਰ ਪੁਲਿਸ ਮੁਲਾਜ਼ਮਾਂ ਨੂੰ ਮਾਸਕ ਉਤਾਰਨ ਲਈ ਕਹਿ ਰਿਹਾ ਸੀ, ਪਰ ਪੁਲਿਸ ਦੀਆਂ ਹਦਾਇਤਾਂ ’ਤੇ ਮੁਲਾਜ਼ਮਾਂ ਨੇ ਉਸ ਦੇ ਚਿਹਰੇ ਤੋਂ ਮਾਸਕ ਨਹੀਂ ਉਤਾਰਿਆ।
ਪੁਲਿਸ ਵਿਭਾਗ ਦੇ ਉੱਚ ਪੱਧਰੀ ਸੂਤਰਾਂ ਅਨੁਸਾਰ ਉਹ ਪੂਰੀ ਤਰ੍ਹਾਂ ਡਰਿਆ ਹੋਇਆ ਸੀ ਅਤੇ ਉਹ ਮਾਸਕ ਉਤਾਰਨ ਦੀ ਜ਼ਿੱਦ ਕਰਦਾ ਰਿਹਾ ਸੀ । ਜਦੋਂ ਉਹ ਰਾਤ ਦੇ ਖਾਣੇ ਲਈ ਰੁਕਿਆ ਤਾਂ ਵੀ ਉਹ ਘਬਰਾ ਗਿਆ। ਉਹ ਪੁਲਿਸ ਅੱਗੇ ਤਰਲੇ ਪਾਉਂਦੇ ਹੋਏ ਕਹਿ ਰਿਹਾ ਸੀ ਕਿ ਮੈਨੂੰ ਨਾ ਮਾਰੋ, ਮੈਂ ਤੁਹਾਨੂੰ ਸਭ ਕੁਝ ਦੱਸ ਦਿਆਂਗਾ ।
ਦੱਸ ਦੇਈਏ ਕਿ ਬਿਸ਼ਨੋਈ ਨੂੰ ਦਿੱਲੀ ਤੋਂ ਪੰਜਾਬ ਲਿਆਉਣ ਵਾਲੀ ਟੀਮ ਦੇ ਇੱਕ ਮੈਂਬਰ ਨੇ ਦੱਸਿਆ ਕਿ ਜਦੋਂ ਲਾਰੈਂਸ ਨੂੰ ਪੰਜਾਬ ਲਿਆਂਦਾ ਜਾ ਰਿਹਾ ਸੀ ਤਾਂ ਉਹ ਉਨ੍ਹਾਂ ਨੂੰ ਵਾਰ-ਵਾਰ ਕਹਿ ਰਿਹਾ ਸੀ ਕਿ ਤੁਸੀਂ ਮੈਨੂੰ ਜੋ ਵੀ ਪੁੱਛੋਗੇ, ਮੈਂ ਤੁਹਾਨੂੰ ਸੱਚ-ਸੱਚ ਦੱਸਾਂਗਾ। ਬੱਸ ਮੈਨੂੰ ਨਾ ਮਾਰੋ ।
ਜ਼ਿਕਰਯੋਗ ਹੈ ਕਿ ਗੈਂਗਸਟਰ ਲਾਰੈਂਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪੁਲਿਸ ਹੁਸ਼ਿਆਰਪੁਰ ਜੇਲ੍ਹ ਤੋਂ ਗੈਂਗਸਟਰ ਗੁਰਬੀਰ ਗੋਰਾ ਨੂੰ ਲੈ ਕੇ ਆਈ ਹੈ। ਗੋਰਾ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦਾ ਜੀਜਾ ਹੈ। ਜਿਸ ਨੇ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ । ਇਸ ਤੋਂ ਬਾਅਦ ਪੁਲਿਸ ਨੇ ਲਾਰੈਂਸ ਤੇ ਗੋਰਾ ਤੋਂ ਆਹਮੋ-ਸਾਹਮਣੇ ਪੁੱਛਗਿੱਛ ਕੀਤੀ। ਜਿਸ ਵਿੱਚ ਮੂਸੇਵਾਲਾ ਕਤਲ ਕਾਂਡ ਨਾਲ ਸਬੰਧਤ ਕਈ ਅਹਿਮ ਸੁਰਾਗ ਮਿਲੇ ਹਨ।
ਵੀਡੀਓ ਲਈ ਕਲਿੱਕ ਕਰੋ -: