ਉੱਤਰਾਖੰਡ ਵਿਖੇ ਸਿੱਖ ਭਾਈਚਾਰੇ ਦੇ ਵਿਸ਼ਵ ਪ੍ਰਸਿੱਧ ਧਾਰਮਿਕ ਸਥਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਭਾਰੀ ਬਰਫ਼ਬਾਰੀ ਹੋਈ ਹੈ । ਜਿਸ ਕਾਰਨ ਸ਼ਰਧਾਲੂਆਂ ਲਈ ਯਾਤਰਾ ‘ਤੇ ਵਿਰਾਮ ਲੱਗ ਗਿਆ ਹੈ। ਪਿਛਲੇ ਦੋ ਦਿਨਾਂ ਤੋਂ ਹੋ ਰਹੀ ਭਾਰੀ ਬਰਫ਼ਬਾਰੀ ਕਾਰਨ ਇੱਥੇ ਇੱਕ ਫੁੱਟ ਤੋਂ ਜ਼ਿਆਦਾ ਬਰਫ਼ ਡਿੱਗ ਗਈ ਹੈ। ਜਿਸ ਦੇ ਮੱਦੇਨਜ਼ਰ ਇਥੋਂ ਦੇ ਐਸ.ਪੀ. ਚਮੋਲੀ ਸ਼ਵੇਤਾ ਚੌਬੇ ਨੇ ਸੁਰੱਖਿਆ ਦੇ ਮੱਦੇਨਜ਼ਰ ਹੇਮਕੁੰਟ ਸਾਹਿਬ ਵੱਲ ਜਾਣ ਵਾਲੇ ਸ਼ਰਧਾਲੂਆਂ ਨੂੰ ਮੌਸਮ ਸਾਫ਼ ਹੋਣ ਤੱਕ ਘੰਗਰੀਆ ਅਤੇ ਗੋਵਿੰਦਘਾਟ ‘ਤੇ ਰੋਕ ਦਿੱਤਾ ਹੈ।
ਦੱਸ ਦੇਈਏ ਕਿ ਭਾਰੀ ਬਰਫਬਾਰੀ ਹੋਣ ਕਾਰਨ ਇੱਥੇ ਕੜਾਕੇ ਦੀ ਠੰਡ ਪੈ ਰਹੀ ਹੈ । ਪ੍ਰਸ਼ਾਸਨ ਵੱਲੋਂ ਬਰਫ਼ਬਾਰੀ ਕਾਰਨ 7 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੂੰ ਗੋਵਿੰਦਘਾਟ ਅਤੇ ਘੰਗਰੀਆ ਵਿਖੇ ਰੋਕ ਦਿੱਤਾ ਗਿਆ ਹੈ। ਇਸ ਸਬੰਧੀ ਗੁਰਦੁਆਰਾ ਪ੍ਰਬੰਧਕ ਦਾ ਕਹਿਣਾ ਹੈ ਕਿ ਜਿਵੇਂ ਹੀ ਬਰਫਬਾਰੀ ਰੁਕ ਜਾਵੇਗੀ, ਯਾਤਰਾ ਫਿਰ ਤੋਂ ਚੱਲੇਗੀ । ਸੂਬੇ ਵਿੱਚ ਮੀਂਹ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਸੈਰ-ਸਪਾਟਾ ਵਿਭਾਗ ਵੱਲੋਂ ਸ਼ਰਧਾਲੂਆਂ-ਟੂਰਿਸਟਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ।
ਇਹ ਵੀ ਪੜ੍ਹੋ: ਅਗਨੀਪਥ ਖਿਲਾਫ਼ ਭਾਰਤ ਬੰਦ ‘ਤੇ ਪੰਜਾਬ ‘ਚ ਹਾਈ ਅਲਰਟ ਜਾਰੀ, ਆਰਮੀ ਭਰਤੀ ਕੇਂਦਰਾਂ ਦੀ ਵਧਾਈ ਗਈ ਸੁਰੱਖਿਆ
ਗੌਰਤਲਬ ਹੈ ਕਿ ਮੌਸਮ ਵਿਭਾਗ ਵੱਲੋਂ ਚਾਰਧਾਮ ਸਣੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਸੈਰ ਸਪਾਟਾ ਵਿਭਾਗ ਨੇ ਯਾਤਰੀਆਂ ਨੂੰ ਅਗਲੇ ਹੁਕਮਾਂ ਤੱਕ ਸੁਰੱਖਿਅਤ ਥਾਵਾਂ ‘ਤੇ ਰਹਿਣ ਲਈ ਕਿਹਾ ਹੈ। ਦੱਸ ਦੇਈਏ ਕਿ ਹਰ ਸਾਲ ਲੱਖਾਂ ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ ਵਿਖੇ ਮੱਥਾ ਟੇਕਣ ਲਈ ਆਉਂਦੇ ਹਨ।
ਵੀਡੀਓ ਲਈ ਕਲਿੱਕ ਕਰੋ -: