ਪੰਜਾਬ ਵਿੱਚ ਖਾਲੀ ਪਈ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਲਈ 23 ਜੂਨ ਨੂੰ ਵੋਟੋਨਗ ਹੋਵੇਗੀ । ਜਿਸ ਕਾਰਨ ਜ਼ਿਮਨੀ ਚੋਣ ਲਈ ਪ੍ਰਚਾਰ ਮੰਗਲਵਾਰ ਸ਼ਾਮ 6 ਵਜੇ ਬੰਦ ਹੋ ਜਾਵੇਗਾ । ਚੋਣ ਕਮਿਸ਼ਨ ਨੇ ਇੱਥੇ ਪ੍ਰਚਾਰ ਕਰ ਰਹੇ ਬਾਹਰੀ ਆਗੂਆਂ ਨੂੰ ਸ਼ਾਮ 6 ਵਜੇ ਤੋਂ ਪਹਿਲਾਂ ਹਲਕਾ ਛੱਡਣ ਦੇ ਹੁਕਮ ਜਾਰੀ ਕੀਤੇ ਹਨ । ਦੱਸ ਦਈਏ ਕਿ ਭਗਵੰਤ ਮਾਨ ਦੇ ਸੀਐਮ ਬਣਨ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ, ਜਿਸ ਕਾਰਨ ਇੱਥੇ 23 ਜੂਨ ਨੂੰ ਵੋਟਾਂ ਪੈਣਗੀਆਂ।
ਦੱਸ ਦੇਈਏ ਕਿ ਸੰਗਰੂਰ ਸੀਟ ਲਈ ਆਮ ਆਦਮੀ ਪਾਰਟੀ ਵੱਲੋਂ ਇੱਥੋਂ ਦੇ ਸਰਪੰਚ ਗੁਰਮੇਲ ਸਿੰਘ ਘਰਾਚੋਂ ਨੂੰ ਟਿਕਟ ਦਿੱਤੀ ਗਈ ਹੈ। ਕਾਂਗਰਸ ਵੱਲੋਂ ਦਲਵੀਰ ਗੋਲਡੀ, ਭਾਜਪਾ ਵੱਲੋਂ ਕੇਵਲ ਢਿੱਲੋਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਿਮਰਨਜੀਤ ਮਾਨ ਤੇ ਅਕਾਲੀ ਦਲ ਵੱਲੋਂ ਕਮਲਜੀਤ ਕੌਰ ਰਾਜੋਆਣਾ ਚੋਣ ਮੈਦਾਨ ਵਿੱਚ ਹਨ। ਇਨ੍ਹਾਂ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਜ਼ਿਮਨੀ ਚੋਣ ਲਈ ਜ਼ੋਰ-ਸ਼ੋਰ ਨਾਲ ਤਿਆਰੀ ਕਰ ਲਈ ਗਈ ਹੈ।
ਇਸ ਸਬੰਧੀ ਸੰਗਰੂਰ ਦੇ ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਸ਼ਾਮ 6 ਵਜੇ ਤੋਂ ਧਾਰਾ 144 ਲਾਗੂ ਕਰ ਦਿੱਤੀ ਜਾਵੇਗੀ। ਇਸ ਤੋਂ ਬਾਅਦ ਪ੍ਰਵਾਨਗੀ ਤੋਂ ਬਗੈਰ ਜਨਤਕ ਮੀਟਿੰਗਾਂ ਤੇ ਇਕੱਠ ਕਰਨ ‘ਤੇ ਪਾਬੰਦੀ ਲੱਗ ਜਾਵੇਗੀ । ਉਮੀਦਵਾਰ ਸੀਮਤ ਗਿਣਤੀ ਦੇ ਲੋਕਾਂ ਨਾਲ ਘਰ-ਘਰ ਪ੍ਰਚਾਰ ਕਰ ਸਕਦੇ ਹਨ।
ਇਸ ਤੋਂ ਇਲਾਵਾ ਚੋਣ ਕਮਿਸ਼ਨ ਨੇ ਸ਼ਾਮ 6 ਵਜੇ ਤੋਂ ਬਾਅਦ ਪੁਲਿਸ ਨੂੰ ਜਾਂਚ ਦੇ ਹੁਕਮ ਦਿੱਤੇ ਹਨ। ਪੁਲਿਸ ਨੂੰ ਹੁਕਮ ਦਿੱਤੇ ਗਏ ਹਨ ਕਿ ਸੰਗਰੂਰ ਵਿੱਚ ਕੋਈ ਬਾਹਰੀ ਵਿਅਕਤੀ ਨਾ ਠਹਿਰੇ, ਇਸ ਲਈ ਉਹ ਹੋਟਲਾਂ, ਸਰਾਵਾਂ ਸਮੇਤ ਅਜਿਹੀਆਂ ਸਾਰੀਆਂ ਥਾਵਾਂ ਦੀ ਚੈਕਿੰਗ ਕਰਨਗੇ । ਜੇਕਰ ਕੋਈ ਬਾਹਰੀ ਵਿਅਕਤੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕੇਸ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ । ਇਸ ਤੋਂ ਇਲਾਵਾ ਚੋਣ ਕਮਿਸ਼ਨ ਵੱਲੋਂ ਸੰਗਰੂਰ ਵਿੱਚ ਦੋ ਦਿਨ ਯਾਨੀ ਕਿ 23 ਜੂਨ ਵੋਟਾਂ ਵਾਲੇ ਦਿਨ ਤੇ 26 ਜੂਨ ਨਤੀਜਿਆਂ ਵਾਲੇ ਦਿਨ ਨੂੰ ਡਰਾਈ ਡੇਅ ਦਾ ਐਲਾਨ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: