ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ਾਰਪ ਸ਼ੂਟਰ ਨਰੇਸ਼ ਕੁਮਾਰ ਅਰਜਨ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਗਿਆ ਹੈ । ਪੁਲਿਸ ਨੂੰ ਨਰੇਸ਼ ‘ਤੇ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਵਰਤੇ ਹਥਿਆਰ ਮੁਹੱਈਆ ਕਰਵਾਉਣ ਦਾ ਸ਼ੱਕ ਹੈ। ਨਰੇਸ਼ ਪਟਿਆਲਾ ਜੇਲ੍ਹ ਵਿੱਚ ਬੰਦ ਸੀ । ਦਿੱਲੀ ਪੁਲਿਸ ਨੇ ਪਟਿਆਲਾ ਜੇਲ੍ਹ ਤੋਂ ਸ਼ਾਰਪ ਸ਼ੂਟਰ ਨਰੇਸ਼ ਕੁਮਾਰ ਦਾ 7 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ । ਰਿਮਾਂਡ ਦੌਰਾਨ ਪੁੱਛਗਿੱਛ ਵਿੱਚ ਨਰੇਸ਼ ਤੋਂ ਕਈ ਵੱਡੇ ਖੁਲਾਸੇ ਹੋ ਸਕਦੇ ਹਨ। ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ 6 ਨੇ ਨਰੇਸ਼ ਦਾ ਨਾਮ ਲਿਆ ਹੈ। ਨਰੇਸ਼ ਲਾਰੈਂਸ ਦਾ ਕਰੀਬੀ ਦੱਸਿਆ ਜਾ ਰਿਹਾ ਹੈ।
ਸੂਤਰਾਂ ਮੁਤਾਬਕ ਦਿੱਲੀ ਪੁਲਿਸ ਨੇ ਵਿਸਫੋਟਕ ਪਦਾਰਥਾਂ ਦੇ ਮਾਮਲੇ ਵਿੱਚ ਪੁੱਛਗਿੱਛ ਲਈ ਅਦਾਲਤ ਤੋਂ ਪ੍ਰੋਡਕਸ਼ਨ ਵਾਰੰਟ ਹਾਸਲ ਕਰ ਲਿਆ ਹੈ। ਹਾਲਾਂਕਿ, ਮੂਸੇਵਾਲਾ ਦੇ ਹਮਲਾਵਰਾਂ ਨੂੰ ਅਸਲਾ ਸਪਲਾਈ ਕਰਨ ਵਿੱਚ ਉਸਦੀ ਕਥਿਤ ਭੂਮਿਕਾ ਸੀ ਜਾਂ ਨਹੀਂ, ਇਸ ਬਾਰੇ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ।
ਦੱਸ ਦੇਈਏ ਕਿ ਨਰੇਸ਼ ‘ਤੇ ਹਰਿਆਣਾ, ਰਾਜਸਥਾਨ ਅਤੇ ਪੰਜਾਬ ਸਣੇ ਵੱਖ-ਵੱਖ ਸੂਬਿਆਂ ਵਿੱਚ 10 ਤੋਂ ਵੱਧ ਮਾਮਲੇ ਦਰਜ ਹਨ । ਨਰੇਸ਼ ਨੂੰ 2018 ਵਿੱਚ ਖੰਨਾ ਪੁਲਿਸ ਨੇ ਗੈਂਗਸਟਰ ਰੁਪਿੰਦਰ ਗਾਂਧੀ ਦੇ ਭਰਾ ਮਨਮਿੰਦਰ ਗਾਂਧੀ ਉਰਫ਼ ਮਿੰਧੀ ਦੇ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: