ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਰਿਮਾਂਡ ‘ਤੇ ਪੰਜਾਬ ਲਿਆਂਦੇ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਵੱਡਾ ਖੁਲਾਸਾ ਕੀਤਾ ਹੈ। ਗੈਂਗਸਟਰ ਲਾਰੈਂਸ ਨੇ ਪੁੱਛਗਿੱਛ ਦੌਰਾਨ ਖੁਲਾਸਾ ਕਰਦਿਆਂ ਦੱਸਿਆ ਕਿ ਉਸਨੇ ਜੇਲ੍ਹ ਅੰਦਰ ਬੈਠ ਕੇ ਪੰਜ ਸਾਲਾਂ ਵਿੱਚ 25 ਵੱਡੇ ਕਾਰੋਬਾਰੀਆਂ ਤੋਂ ਕਰੀਬ ਚਾਰ ਕਰੋੜ ਰੁਪਏ ਦੀ ਫਿਰੌਤੀ ਲਈ ਹੈ । ਉਸਨੇ ਦੱਸਿਆ ਕਿ ਉਸਨੇ ਫਿਰੌਤੀ ਦੇ ਇਨ੍ਹਾਂ ਪੈਸਿਆਂ ਨਾਲ ਜੇਲ੍ਹ ਵਿੱਚ ਸਾਰੀਆਂ ਸਹੂਲਤਾਂ ਲਈਆਂ ਹਨ ਤੇ ਇਸ ਤੋਂ ਇਲਾਵਾ ਉਸ ਦੇ ਗਿਰੋਹ ਨੇ ਆਧੁਨਿਕ ਹਥਿਆਰ ਵੀ ਖਰੀਦ ਲਏ ਹਨ ।
ਲਾਰੈਂਸ ਨੇ ਦੱਸਿਆ ਕਿ ਉਸਨੇ ਪਿਛਲੇ ਪੰਜ ਸਾਲਾਂ ਵਿੱਚ ਹਰਿਆਣਾ, ਪੰਜਾਬ, ਰਾਜਸਥਾਨ ਤੇ ਚੰਡੀਗੜ੍ਹ ਦੇ ਵੱਡੇ ਕਾਰੋਬਾਰੀਆਂ ਤੋਂ ਚਾਰ ਕਰੋੜ ਰੁਪਏ ਤੋਂ ਵੱਧ ਦੀਆਂ ਫਿਰੌਤੀਆਂ ਲਈਆਂ ਹਨ । ਉਸ ਨੇ ਕੈਨੇਡਾ ਬੈਠੇ ਆਪਣੇ ਸਾਥੀ ਗੋਲਡੀ ਬਰਾੜ ਨੂੰ ਵੀ ਕਾਫੀ ਪੈਸੇ ਭੇਜੇ ਹਨ।
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਲਾਰੈਂਸ ਨੂੰ ਦਿੱਲੀ ਤੋਂ ਪੰਜਾਬ ਲੈ ਕੇ ਆਈ ਸੀ। 13 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਸੋਮਵਾਰ ਨੂੰ ਉਸ ਨੂੰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ । ਜਿੱਥੋਂ ਅੰਮ੍ਰਿਤਸਰ ਪੁਲਿਸ ਨੇ ਉਸ ਨੂੰ ਟਰਾਂਜ਼ਿਟ ਰਿਮਾਂਡ ’ਤੇ ਲਿਆ ਹੈ । ਜਿੱਥੇ ਅੰਮ੍ਰਿਤਸਰ ਪੁਲਿਸ ਲਾਰੈਂਸ ਬਿਸ਼ਨੋਈ ਨੂੰ ਸਖ਼ਤ ਸੁਰੱਖਿਆ ਵਿਚਕਾਰ ਅੰਮ੍ਰਿਤਸਰ ਲੈ ਕੇ ਆਈ ਸੀ। ਅੰਮ੍ਰਿਤਸਰ ਪੁਲਿਸ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਵਿਖੇ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ, ਜਿੱਥੇ ਅਦਾਲਤ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 7 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ।
ਵੀਡੀਓ ਲਈ ਕਲਿੱਕ ਕਰੋ -: