ਪਾਕਿਸਤਾਨ ਵਿੱਚ ਮਾਨਸੂਨ ਦੀ ਬਾਰਿਸ਼ ਤਬਾਹੀ ਬਣ ਕੇ ਸਾਹਮਣੇ ਆਈ ਹੈ। ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਬਾਰਿਸ਼ ਨੇ ਕਈ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਜਿਸ ਕਾਰਨ ਲੋਕਾਂ ਦਾ ਜੀਵਨ ਰੁੱਕ ਗਿਆ ਹੈ। ਪਾਕਿਸਤਾਨ ਵਿੱਚ ਪਿਛਲੇ ਤਿੰਨ ਹਫ਼ਤਿਆਂ ਵਿੱਚ ਭਾਰੀ ਮੀਂਹ ਕਾਰਨ ਘੱਟੋ-ਘੱਟ 97 ਲੋਕਾਂ ਦੀ ਮੌਤ ਹੋ ਗਈ ਅਤੇ 101 ਹੋਰ ਜ਼ਖਮੀ ਹੋ ਗਏ ਹਨ । ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ । ਇਸ ਬਾਰਿਸ਼ ਨਾਲ ਬਲੋਚਿਸਤਾਨ ਪ੍ਰਾਂਤ ਸਭ ਤੋਂ ਵੱਧ ਪ੍ਰਭਾਵਿਤ ਰਿਹਾ ਜਿੱਥੇ ਸੋਮਵਾਰ ਤੋਂ ਸ਼ੁਰੂ ਹੋਈ ਮਾਨਸੂਨ ਬਾਰਿਸ਼ ਕਾਰਨ ਹੁਣ ਤੱਕ 49 ਲੋਕਾਂ ਦੀ ਮੌਤ ਹੋ ਗਈ ਹੈ ਅਤੇ 48 ਹੋਰ ਜ਼ਖਮੀ ਹੋ ਗਏ ਹਨ ।
ਦੱਸਿਆ ਜਾ ਰਿਹਾ ਹੈ ਕਿ ਖੈਬਰ ਪਖਤੂਨਖਵਾ ਸੂਬੇ ਵਿੱਚ ਕੁੱਲ 17 ਲੋਕ ਮਾਰੇ ਗਏ, ਇਸ ਤੋਂ ਬਾਅਦ ਸਿੰਧ ਵਿੱਚ 11, ਉੱਤਰੀ ਗਿਲਗਿਤ ਬਾਲਟਿਸਤਾਨ ਖੇਤਰ ਵਿੱਚ 10 ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ 10 ਹੋਰ ਲੋਕ ਮਾਰੇ ਗਏ। ਭਾਰੀ ਬਾਰਿਸ਼ ਦੇ ਚਲਦਿਆਂ ਆਏ ਹੜ੍ਹਾਂ ਕਾਰਨ 226 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਅਤੇ 481 ਹੋਰ ਅੰਸ਼ਕ ਤੌਰ ‘ਤੇ ਤਬਾਹ ਹੋ ਗਏ।
ਇਸ ਸਬੰਧੀ ਪਾਕਿਸਤਾਨ ਦੇ ਜਲਵਾਯੂ ਪਰਿਵਰਤਨ ਮੰਤਰੀ ਸ਼ੈਰੀ ਰਹਿਮਾਨ ਨੇ ਦੱਸਿਆ ਕਿ ਦੇਸ਼ ਵਿੱਚ ਇਸ ਸਾਲ ਮਾਨਸੂਨ ਸੀਜ਼ਨ ਦੌਰਾਨ ਆਮ ਨਾਲੋਂ 87 ਫੀਸਦੀ ਜ਼ਿਆਦਾ ਮੀਂਹ ਪਿਆ ਹੈ। ਮੰਤਰੀ ਨੇ ਕਿਹਾ ਕਿ ਪਾਕਿਸਤਾਨ ਵਿਸ਼ਵ ਵਿੱਚ ਜਲਵਾਯੂ ਤਬਦੀਲੀ ਲਈ ਸਭ ਤੋਂ ਕਮਜ਼ੋਰ 10 ਦੇਸ਼ਾਂ ਵਿੱਚੋਂ ਇੱਕ ਹੈ। ਇਸ ਗੱਲ ਤੇ ਜ਼ੋਰ ਦਿੰਦੇ ਹੋਏ ਕਿ ਜਨਤਾ ਨੂੰ ਮੌਸਮ ਦੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਉਪਾਅ ਕਰਨੇ ਸ਼ੁਰੂ ਕਰ ਦੇਣੇ ਚਾਹੀਦੇ ਹਨ ਨਹੀਂ ਤਾਂ ਭਵਿੱਖ ਵਿੱਚ ਚੀਜ਼ਾਂ ਹੋਰ ਵਿਗੜ ਜਾਣਗੀਆਂ।
ਦੱਸ ਦੇਈਏ ਕਿ ਅਧਿਕਾਰੀ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਕਿ ਦੇਸ਼ ਵਿੱਚ ਪਾਣੀ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ, ਹਾਲਾਂਕਿ ਹਾਲ ਹੀ ਵਿੱਚ ਹੋਈ ਬਾਰਸ਼ ਕਾਰਨ ਸੁਧਾਰ ਦੇਖਿਆ ਗਿਆ ਹੈ। ਲੋਕਾਂ ਨੂੰ ਪਾਣੀ ਦੀ ਵਰਤੋਂ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਪਾਣੀ ਦੀ ਭਾਰੀ ਕਿੱਲਤ ਹੋ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: