ਅਮਰਨਾਥ ਗੁਫਾ ਨੇੜੇ ਬੱਦਲ ਫਟਣ ਕਾਰਨ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈ । ਫੌਜ ਨੇ ਸ਼ਨੀਵਾਰ ਸਵੇਰੇ ਮੁੜ ਬਚਾਅ ਕਾਰਜ ਸ਼ੁਰੂ ਕਰ ਦਿੱਤਾ । 35 ਜ਼ਖਮੀਆਂ ਨੂੰ ਏਅਰਲਿਫਟ ਕੀਤਾ ਗਿਆ ਹੈ । 45 ਲੋਕ ਅਜੇ ਵੀ ਲਾਪਤਾ ਹਨ ਅਤੇ ਪਹਾੜੀ ਬਚਾਅ ਦਲ ਉਨ੍ਹਾਂ ਦੀ ਭਾਲ ਵਿੱਚ ਜੁਟਿਆ ਹੋਇਆ ਹੈ । ਫੌਜ ਦਾ ਬਚਾਅ ਕਾਰਜ ਸਾਰੀ ਰਾਤ ਜਾਰੀ ਰਿਹਾ। ਇਸ ਦੌਰਾਨ ਕੋਈ ਲਾਸ਼ ਬਰਾਮਦ ਨਹੀਂ ਹੋਈ।
ਇਸ ਸਬੰਧੀ ਸੀਆਰਪੀਐਫ ਦੇ ਡੀਜੀ ਕੁਲਦੀਪ ਸਿੰਘ ਨੇ ਕਿਹਾ ਕਿ ਫਿਲਹਾਲ ਅਸੀਂ ਇਹ ਦੇਖਣ ਲਈ ਸਾਰੇ ਸਾਵਧਾਨੀ ਵਰਤ ਰਹੇ ਹਾਂ ਕਿ ਸਾਰੇ ਲਾਪਤਾ ਲੋਕ ਲੱਭੇ ਜਾਂ ਨਹੀਂ। ਉਨ੍ਹਾਂ ਕਿਹਾ ਕਿ ਇਹ ਯਾਤਰਾ ਇੱਕ ਜਾਂ ਦੋ ਦਿਨਾਂ ਵਿੱਚ ਮੁੜ ਤੋਂ ਸ਼ੁਰੂ ਹੋ ਸਕਦੀ ਹੈ। ਜਾਣਕਾਰੀ ਮੁਤਾਬਕ ਪ੍ਰਸ਼ਾਸਨ ਨੇ ਸ਼ੁੱਕਰਵਾਰ ਰਾਤ ਨੂੰ ਹੀ ਯਾਤਰਾ ਮੁਲਤਵੀ ਕਰ ਦਿੱਤੀ ਸੀ । ਪਹਿਲਗਾਮ ਅਤੇ ਬਾਲਟਾਲ ਵਿੱਚ ਬਣੇ ਬੇਸ ਕੈਂਪਾਂ ਤੋਂ ਬਾਹਰ ਕਿਸੇ ਵੀ ਯਾਤਰੀ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ।
ਇਹ ਵੀ ਪੜ੍ਹੋ: ਵੱਡੀ ਖਬਰ: ਬਟਾਲਾ ਦੇ MLA ਸ਼ੈਰੀ ਕਲਸੀ ਦੇ PA ਤੇ ਤਾਏ ਦੇ ਮੁੰਡੇ ਸਣੇ 3 ਲੋਕਾਂ ਦੀ ਸੜਕ ਹਾਦਸੇ ‘ਚ ਮੌਤ
ਸ਼ੁੱਕਰਵਾਰ ਨੂੰ ਪਵਿੱਤਰ ਗੁਫਾ ਦੇ ਨੇੜੇ ਆਏ ਸੈਲਾਬ ਦੇ ਬਾਵਜੂਦ ਅਮਰਨਾਥ ਯਾਤਰਾ ਲਈ ਜਾਣ ਵਾਲੇ ਸ਼ਰਧਾਲੂਆਂ ਦੇ ਹੌਂਸਲੇ ਵਿੱਚ ਕੋਈ ਕਮੀ ਨਹੀਂ ਆਈ ਹੈ । ਸ਼ੁੱਕਰਵਾਰ ਦੇਰ ਰਾਤ ਜੰਮੂ ਬੇਸ ਕੈਂਪ ਤੋਂ ਸ਼ਰਧਾਲੂਆਂ ਦਾ ਇੱਕ ਜੱਥਾ ਕਸ਼ਮੀਰ ਦੇ ਬਾਲਟਾਲ ਅਤੇ ਪਹਿਲਗਾਮ ਬੇਸ ਕੈਂਪਾਂ ਲਈ ਰਵਾਨਾ ਹੋਇਆ । ਜੰਮੂ ਤੋਂ ਸ਼ਰਧਾਲੂਆਂ ਦੀਆਂ 279 ਗੱਡੀਆਂ ਕਾਫਲੇ ਵਿੱਚ ਰਵਾਨਾ ਕੀਤੀਆਂ ਗਈਆਂ ਸਨ । ਹਾਲਾਂਕਿ ਸਥਾਨਕ ਲੋਕਾਂ ਨੇ ਇਸ ਨੂੰ ਪ੍ਰਸ਼ਾਸਨ ਦੀ ਕੁਤਾਹੀ ਦੱਸਿਆ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਜੰਮੂ ਦੇ ਭਗਵਤੀਪੁਰ ਬੇਸ ਕੈਂਪ ‘ਤੇ ਸ਼ਰਧਾਲੂਆਂ ਦੀ ਗਿਣਤੀ ਵਧ ਗਈ ਸੀ, ਇਸ ਲਈ ਯਾਤਰਾ ਮੁਲਤਵੀ ਹੋਣ ਦੇ ਬਾਵਜੂਦ ਸ਼ਰਧਾਲੂਆਂ ਨੂੰ ਬਾਲਟਾਲ ਅਤੇ ਪਹਿਲਗਾਮ ਲਈ ਰਵਾਨਾ ਕਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਸ਼ਾਮ 5.30 ਵਜੇ ਅਮਰਨਾਥ ਗੁਫਾ ਨੇੜੇ ਬੱਦਲ ਫਟ ਗਿਆ ਸੀ । ਜਿਸ ਸਮੇਂ ਬੱਦਲ ਫਟਿਆ, ਉਸ ਸਮੇਂ ਗੁਫਾ ਦੇ ਨੇੜੇ 10 ਤੋਂ 15 ਹਜ਼ਾਰ ਸ਼ਰਧਾਲੂ ਮੌਜੂਦ ਸਨ । ਆਈਟੀਬੀਪੀ ਨੇ ਦੱਸਿਆ ਕਿ ਪਵਿੱਤਰ ਗੁਫਾ ਦੇ ਨੇੜੇ ਤੋਂ 15,000 ਲੋਕਾਂ ਨੂੰ ਸੁਰੱਖਿਅਤ ਪੰਚਤਰਨੀ ਪਹੁੰਚਾਇਆ ਗਿਆ ਹੈ। ਮੀਂਹ ਕਾਰਨ ਪੂਰੇ ਇਲਾਕੇ ਵਿੱਚ ਤੇਜ਼ੀ ਨਾਲ ਪਾਣੀ ਭਰ ਗਿਆ ਅਤੇ ਕਈ ਲੋਕ ਇਸ ਦੀ ਲਪੇਟ ਵਿੱਚ ਆ ਗਏ। ਕਈ ਸ਼ਰਧਾਲੂ ਲਾਪਤਾ ਹਨ ਅਤੇ ਉਨ੍ਹਾਂ ਦੇ ਤੇਜ਼ ਵਹਾਅ ਵਿੱਚ ਵਹਿਣ ਦਾ ਖਦਸ਼ਾ ਹੈ।
ਵੀਡੀਓ ਲਈ ਕਲਿੱਕ ਕਰੋ -: