ਰਾਜਸਥਾਨ ਦੇ ਸੀਕਰ ਵਿੱਚ ਸੋਮਵਾਰ ਸਵੇਰੇ ਖਾਟੂਸ਼ਿਆਮ ਮੰਦਿਰ ਵਿੱਚ ਭਗਦੜ ਮਚ ਗਈ। ਹਾਦਸੇ ਵਿੱਚ 3 ਮਹਿਲਾਵਾਂ ਦੀ ਮੌਤ ਹੋ ਗਈ, ਜਦਕਿ 4 ਲੋਕ ਜ਼ਖਮੀ ਹੋਏ ਹਨ। ਇਹ ਹਾਦਸਾ ਸਵੇਰੇ 5 ਵਜੇ ਦੇ ਕਰੀਬ ਵਾਪਰਿਆ, ਜਦੋਂ ਏਕਾਦਸ਼ੀ ਦੇ ਮੌਕੇ ‘ਤੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਭੜ ਕਾਫ਼ੀ ਵੱਧ ਗਈ ਸੀ। ਦੇਰ ਰਾਤ ਤੋਂ ਹੀ ਸ਼ਰਧਾਲੂ ਲਾਈਨ ਵਿੱਚ ਲੱਗੇ ਹੋਏ ਸਨ। ਜਿਵੇ ਹੀ ਸਵੇਰੇ ਮੰਦਿਰ ਦੇ ਕਪਾਟ ਖੁੱਲ੍ਹੇ ਤਾਂ ਭਗਦੜ ਮਚ ਗਈ। ਭਗਦੜ ਦੀ ਖ਼ਬਰ ਸੁਣਦਿਆਂ ਹੀ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਿਸ ਪ੍ਰਸ਼ਾਸਨ ਦੇ ਹੱਥ-ਪੈਰ ਸੁੱਜ ਗਏ।
ਇਸ ਘਟਨਾ ਦਾ ਪਤਾ ਲੱਗਦਿਆਂ ਹੀ ਮੌਕੇ ‘ਤੇ ਪਹੁੰਚੇ ਉੱਚ ਅਧਿਕਾਰੀ ਸਥਿਤੀ ਨੂੰ ਸੰਭਾਲਣ ਵਿੱਚ ਜੁਟੇ ਗਏ। ਫਿਲਹਾਲ ਮ੍ਰਿਤਕਾਂ ਵਿੱਚੋਂ ਸਿਰਫ ਇੱਕ ਔਰਤ ਦੀ ਪਛਾਣ ਹੋ ਸਕੀ ਹੈ। ਖਾਟੂਸ਼ਿਆਮ ਜੀ ਦੇ ਇਸ ਮੰਦਿਰਵਿੱਚ ਦੇਸ਼ ਭਰ ਤੋਂ ਸ਼ਰਧਾਲੂ ਇਕੱਠੇ ਹੁੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਹਾਦਸੇ ਵਿੱਚ ਤਿੰਨ ਔਰਤਾਂ ਦੀ ਮੌਤ ਹੋਣ ਦੇ ਨਾਲ-ਨਾਲ ਕਈ ਸ਼ਰਧਾਲੂ ਜ਼ਖ਼ਮੀ ਹੋ ਗਏ ਹਨ । ਪੁਲਿਸ ਅਤੇ ਮੰਦਿਰ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਦੇ ਨਾਲ-ਨਾਲ ਵਾਲੰਟੀਅਰਾਂ ਨੇ ਜ਼ਖਮੀਆਂ ਨੂੰ ਸਥਾਨਕ ਹਸਪਤਾਲ ਪਹੁੰਚਾਇਆ । ਉਥੋਂ ਦੋ ਸ਼ਰਧਾਲੂਆਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਜੈਪੁਰ ਰੈਫਰ ਕਰ ਦਿੱਤਾ ਗਿਆ ।
ਇਹ ਵੀ ਪੜ੍ਹੋ: ਬਿਜਲੀ ਸੋਧ ਬਿੱਲ ਨੂੰ ਲੈ ਕੇ ਵਰ੍ਹੇ CM ਮਾਨ, ਕਿਹਾ- “ਰਾਜਾਂ ਨੂੰ ਕਠਪੁਤਲੀ ਨਾ ਸਮਝੇ ਮੋਦੀ ਸਰਕਾਰ”
ਇਸ ਹਾਦਸੇ ‘ਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਦੁੱਖ ਜਤਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਖਾਟੂਸ਼ਿਆਮ ਜੀ ਵਿੱਚ ਭਗਦੜ ਵਿੱਚ ਸ਼ਰਧਾਲੂਆਂ ਦੀ ਮੌਤ ਤੋਂ ਬਹੁਤ ਦੁਖੀ ਹਾਂ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਇਸ ਹਾਦਸੇ ‘ਤੇ ਦੁੱਖ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੀਆਂ ਤਿੰਨੋਂ ਮਹਿਲਾਵਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਮੇਰੀ ਹਮਦਰਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਜ਼ਖਮੀਆਂ ਦੇ ਜਲਦ ਹੀ ਠੀਕ ਹੋਣ ਦੀ ਕਾਮਨਾ ਕੀਤੀ ਹੈ।
ਦੱਸ ਦੇਈਏ ਕਿ ਮਹੀਨਾਵਾਰ ਮੇਲੇ ਵਿੱਚ ਸ਼ਾਮਿਲ ਹੋਣ ਲਈ ਇਕੱਠੀ ਹੋਈ ਭੀੜ ਕਾਰਨ ਇਹ ਹਾਦਸਾ ਵਾਪਰਿਆ । ਉਂਝ ਆਮ ਦਿਨਾਂ ਵਿੱਚ ਵੀ ਮੰਦਿਰ ਵਿੱਚ ਪੁਲਿਸ ਫੋਰਸ ਤਾਇਨਾਤ ਰਹਿੰਦੀ ਹੈ। ਮੇਲੇ ਦੌਰਾਨ ਪੁਲਿਸ ਫੋਰਸ ਵੀ ਵਧਾਈ ਜਾਂਦੀ ਹੈ । ਪਰ ਸੋਮਵਾਰ ਨੂੰ ਇਕੱਠੀ ਹੋਈ ਭੀੜ ਦੇ ਸਾਹਮਣੇ ਇਹ ਫੋਰਸ ਕੁਝ ਵੀ ਨਹੀਂ ਸੀ। ਜਦੋਂ ਤੱਕ ਪੁਲਿਸ ਸ਼ਰਧਾਲੂਆਂ ਦੀ ਭੀੜ ਨੂੰ ਸੰਭਾਲ ਸਕੀ, ਉੱਥੇ ਭਗਦੜ ਮਚ ਗਈ।
ਵੀਡੀਓ ਲਈ ਕਲਿੱਕ ਕਰੋ -: