ਆਮ ਆਦਮੀ ਕਲੀਨਿਕ ਤੋਂ ਡਾਕਟਰਾਂ ਦਾ ਅਸਤੀਫ਼ਾ ਦੇਣ ਦਾ ਸਿਲਸਿਲਾ ਰੁੱਕ ਨਹੀਂ ਰਿਹਾ ਹੈ। ਹੁਣ ਬਰਨਾਲਾ ਦੇ ਪਿੰਡ ਉਗੋਕੇ ਵਿੱਚ ਬਣੇ ਆਮ ਆਦਮੀ ਕਲੀਨਿਕ ਵਿੱਚ ਤਾਇਨਾਤ ਆਰਥੋ ਐਮਐਸ ਸਰਜਨ ਨੇ ਅਸਤੀਫਾ ਦੇ ਦਿੱਤਾ ਹੈ । ਹੁਣ ਇਸ ਕਲੀਨਿਕ ਵਿੱਚ ਸਿਰਫ਼ ਇੱਕ ਟਰੇਨੀ ਫਾਰਮੇਸੀ ਅਫ਼ਸਰ ਹੀ ਰਹਿ ਗਿਆ ਹੈ। ਦੱਸ ਦੇਈਏ ਕਿ ਉਗੋਕੇ ‘ਆਪ’ ਵਿਧਾਇਕ ਲਾਭ ਸਿੰਘ ਦਾ ਪਿੰਡ ਹੈ । ਐਸਐਮਓ ਤਪਾ ਡਾ. ਨਵਜੋਤਪਾਲ ਸਿੰਘ ਭੁੱਲਰ ਨੇ ਅਸਤੀਫ਼ੇ ਦੀ ਪੁਸ਼ਟੀ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਥਾਵਾਂ ‘ਤੇ ਡਾਕਟਰ ਆਪਣਾ ਅਸਤੀਫ਼ਾ ਦੇ ਚੁੱਕੇ ਹਨ।
ਮਿਲੀ ਜਾਣਕਾਰੀ ਅਨੁਸਾਰ ਆਰਥੋ ਐਮਐਸ ਸਰਜਨ ਡਾ. ਗੁਰਸਾਗਰਦੀਪ ਸਿੰਘ ਨੇ ਅਸਤੀਫ਼ਾ ਸੀਨੀਅਰ ਮੈਡੀਕਲ ਅਫ਼ਸਰ ਨੂੰ ਦੇ ਦਿੱਤਾ ਹੈ । ਹਾਲਾਂਕਿ ਅਸਤੀਫ਼ਾ ਦੇਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ । ਸੂਤਰਾਂ ਦਾ ਕਹਿਣਾ ਹੈ ਕਿ ਉਹ ਆਰਥੋ ਐਮਐਸ ਸਰਜਨ ਸੀ । ਆਮ ਆਦਮੀ ਕਲੀਨਿਕ ਵਿੱਚ ਆਮ ਬਿਮਾਰੀਆਂ ਨਾਲ ਸਬੰਧਿਤ ਦਵਾਈਆਂ ਤੇ ਉਪਕਰਨਾਂ ਦੀ ਘਾਟ ਕਾਰਨ ਉਹ ਇਲਾਜ ਕਰਨ ਵਿੱਚ ਅਸਮਰੱਥ ਸੀ।
ਇਹ ਵੀ ਪੜ੍ਹੋ: ਪਾਕਿਸਤਾਨ : 70 ਸਾਲਾਂ ਔਰਤ ਨੇ ਨੌਜਵਾਨ ਨਾਲ ਰਚਾਇਆ ਵਿਆਹ, ਬੁਢਾਪੇ ‘ਚ ਮਿਲਿਆ ਜਵਾਨੀ ਦਾ ਪਿਆਰ
ਸੀਨੀਅਰ ਮੈਡੀਕਲ ਅਫ਼ਸਰ ਡਾ: ਨਵਜੋਤਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਆਮ ਆਦਮੀ ਕਲੀਨਿਕ ਉਗੋਕੇ ਦੇ ਮੈਡੀਕਲ ਅਫ਼ਸਰ ਡਾ. ਗੁਰਸਾਗਰਦੀਪ ਸਿੰਘ ਦਾ ਅਸਤੀਫ਼ਾ ਪ੍ਰਵਾਨ ਕਰਨ ਲਈ ਉੱਚ ਅਧਿਕਾਰੀਆਂ ਨੂੰ ਭੇਜ ਦਿੱਤਾ ਗਿਆ ਹੈ । ਕਲੀਨਿਕ ਨੂੰ ਚਲਾਉਣ ਲਈ ਪ੍ਰਾਇਮਰੀ ਹੈਲਥ ਸੈਂਟਰ ਟੱਲੇਵਾਲ ਦਾ ਮੈਡੀਕਲ ਅਫ਼ਸਰ ਤਾਇਨਾਤ ਕੀਤਾ ਗਿਆ ਹੈ, ਜਦੋਂਕਿ ਫਾਰਮੇਸੀ ਅਫ਼ਸਰ ਤੇ ਕਲੀਨੀਕਲ ਸਹਾਇਕ ਆ ਗਏ ਹਨ, ਜਿਨ੍ਹਾਂ ਨੇ ਅਹੁਦਾ ਸੰਭਾਲ ਲਿਆ ਹੈ।
ਦੱਸ ਦੇਈਏ ਕਿ ਆਮ ਆਦਮੀ ਕਲੀਨਿਕ ਦੇ ਸਟਾਫ਼ ਨੂੰ ਪੰਜਾਬ ਸਰਕਾਰ ਵੱਲੋਂ ਠੇਕੇ ‘ਤੇ ਭਰਤੀ ਕੀਤਾ ਗਿਆ ਹੈ । ਇਸ ਤਹਿਤ ਮੈਡੀਕਲ ਅਫਸਰ ਤੇ ਫਾਰਮੇਸੀ ਅਫਸਰ ਨੂੰ ਰੋਜ਼ਾਨਾ 50 ਮਰੀਜ਼ ਤੱਕ ਦੇ ਪੈਸੇ ਪੱਕੇ ਦਿੱਤੇ ਜਾਣਗੇ, ਜਦੋਂ ਕਿ ਜੇਕਰ ਜ਼ਿਆਦਾ ਮਰੀਜ਼ ਆਉਂਦੇ ਹਨ ਤਾਂ ਮੈਡੀਕਲ ਅਫਸਰ ਨੂੰ 50 ਰੁਪਏ ਪ੍ਰਤੀ ਮਰੀਜ਼ ਤੇ ਫਾਰਮੇਸੀ ਅਫਸਰ ਨੂੰ 12 ਰੁਪਏ ਪ੍ਰਤੀ ਮਰੀਜ਼ ਦਿੱਤੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: