ਰਾਜਧਾਨੀ ਦਿੱਲੀ ਦੇ ਏਮਜ਼ ਹਸਪਤਾਲ ਤੋਂ ਇੱਕ ਅਜਿਹੀ ਖਬਰ ਆਈ ਹੈ ਜੋ ਤੁਹਾਨੂੰ ਖੁਸ਼ ਵੀ ਕਰਦੀ ਹੈ ਅਤੇ ਥੋੜ੍ਹਾ ਉਦਾਸ ਵੀ ਕਰਦੀ ਹੈ । ਏਮਜ਼ ਹਸਪਤਾਲ ਵਿੱਚ 16 ਮਹੀਨੇ ਦੇ ਬੱਚੇ ਨੇ ਦਮ ਤੋੜ ਦਿੱਤਾ ਪਰ ਇਸ ਤੋਂ ਬਾਅਦ ਉਸ ਦੇ ਮਾਤਾ-ਪਿਤਾ ਨੇ ਆਪਣੇ 16 ਮਹੀਨੇ ਦੇ ਬੱਚੇ ਦੇ ਸਾਰੇ ਅੰਗ ਦਾਨ ਕਰਨ ਦਾ ਫੈਸਲਾ ਲਿਆ । ਮਾਸੂਮ ਦੇ ਅੰਗਾਂ ਨੇ ਵੀ ਦੋ ਵਿਅਕਤੀਆਂ ਨੂੰ ਨਵੀਂ ਜ਼ਿੰਦਗੀ ਵੀ ਦੇ ਦਿੱਤੀ ਹੈ।
ਦਰਅਸਲ, 17 ਅਗਸਤ 2022 ਨੂੰ ਦਿੱਲੀ ਦੇ ਯਮੁਨਾ ਪਾਰਕ ਵਿੱਚ ਰਹਿਣ ਵਾਲੇ 16 ਮਹੀਨੇ ਦਾ ਰਿਸ਼ਾਂਤ ਖੇਡਦੇ ਹੋਏ ਡਿੱਗ ਗਿਆ ਸੀ, ਜਿਸ ਕਾਰਨ ਉਸ ਦੇ ਸਿਰ ‘ਤੇ ਗੰਭੀਰ ਸੱਟ ਲੱਗ ਗਈ ਸੀ । ਬੱਚੇ ਦੇ ਮਾਤਾ-ਪਿਤਾ ਨੇ ਪਹਿਲਾਂ ਉਸ ਨੂੰ ਨੇੜਲੇ ਨਿੱਜੀ ਹਸਪਤਾਲਾਂ ਵਿੱਚ ਦਿਖਾਇਆ ਅਤੇ ਫਿਰ ਉਸ ਨੂੰ ਸਿੱਧੇ ਏਮਜ਼ ਦੇ ਟਰਾਮਾ ਸੈਂਟਰ ਵਿੱਚ ਲੈ ਗਏ। ਇੰਨੇ ਛੋਟੇ ਬੱਚੇ ਦੇ ਸਿਰ ‘ਤੇ ਗੰਭੀਰ ਸੱਟ ਲੱਗਣ ਕਾਰਨ ਉਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਸੀ । 24 ਅਗਸਤ ਨੂੰ ਡਾਕਟਰਾਂ ਨੇ ਇਸ ਬੱਚੇ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ, ਜਿਸ ਤੋਂ ਬਾਅਦ ਪਰਿਵਾਰ ਨੂੰ ਸਮਝਾਇਆ ਗਿਆ ਕਿ ਜੇਕਰ ਉਹ ਚਾਹੁਣ ਤਾਂ ਬੱਚੇ ਦੇ ਅੰਗ ਦਾਨ ਕਰ ਸਕਦੇ ਹਨ।
ਇਹ ਵੀ ਪੜ੍ਹੋ: ਆਮ ਆਦਮੀ ਕਲੀਨਿਕ ‘ਚ ਨਹੀਂ ਟਿਕ ਰਹੇ ਡਾਕਟਰ ! ਹੁਣ ਬਰਨਾਲਾ ‘ਚ ਆਰਥੋ ਐਮਐਸ ਸਰਜਨ ਨੇ ਦਿੱਤਾ ਅਸਤੀਫਾ
ਰਿਸ਼ਾਂਤ ਦੀਆਂ ਪੰਜ ਵੱਡੀਆਂ ਭੈਣਾਂ ਹਨ ਅਤੇ ਉਸ ਦੇ ਪਿਤਾ ਪ੍ਰਾਈਵੇਟ ਨੌਕਰੀ ਕਰਦੇ ਹਨ । ਸੁੱਖਾਂ ਸੁੱਖ ਕੇ ਜਨਮੇ ਰਿਸ਼ਾਂਤ ਘਰ ਵਿੱਚ ਸਾਰਿਆਂ ਦਾ ਲਾਡਲਾ ਸੀ। ਪਰ ਇਸ ਤੋਂ ਪਹਿਲਾਂ ਕਿ ਉਹ ਸਹੀ ਢੰਗ ਨਾਲ ਆਪਣੇ ਪੈਰਾਂ ‘ਤੇ ਖੜ੍ਹਾ ਹੁੰਦਾ, ਉਹ ਇਸ ਸੰਸਾਰ ਨੂੰ ਛੱਡ ਕੇ ਚਲਾ ਗਿਆ । ਅਜਿਹੇ ਵਿੱਚ ਉਸ ਦੇ ਮਾਤਾ-ਪਿਤਾ ਨੂੰ ਇਹ ਵਿਚਾਰ ਪਸੰਦ ਆਇਆ ਕਿ ਉਨ੍ਹਾਂ ਦਾ ਬੱਚਾ ਅਜੇ ਵੀ ਕਿਸੇ ਨੂੰ ਨਵੀਂ ਜ਼ਿੰਦਗੀ ਦੇ ਸਕਦਾ ਹੈ । ਮਾਤਾ-ਪਿਤਾ ਉਸ ਦੇ ਸਾਰੇ ਅੰਗ ਦਾਨ ਕਰਨ ਲਈ ਰਾਜ਼ੀ ਹੋ ਗਏ । ਰਿਸ਼ਾਂਤ ਦੇ ਦੋ ਗੁਰਦੇ ਏਮਜ਼ ਵਿੱਚ ਹੀ ਇੱਕ 5 ਸਾਲ ਦੇ ਬੱਚੇ ਵਿੱਚ ਟਰਾਂਸਪਲਾਂਟ ਕੀਤੇ ਗਏ ਅਤੇ ਉਸ ਦਾ ਲੀਵਰ ਦਿੱਲੀ ਦੇ ਮੈਕਸ ਹਸਪਤਾਲ ਵਿੱਚ ਇੱਕ 6 ਮਹੀਨੇ ਦੀ ਬੱਚੀ ਵਿੱਚ ਟਰਾਂਸਪਲਾਂਟ ਕੀਤਾ ਗਿਆ ਹੈ । ਰਿਸ਼ਾਂਤ ਦੇ ਹਾਟ ਵਾਲ ਅਤੇ ਕੋਰਨੀਆ ਨੂੰ ਏਮਜ਼ ਦੇ ਅੰਗ ਦਾਨ ਬੈਂਕ ਵਿੱਚ ਸੁਰੱਖਿਅਤ ਰੱਖ ਲਿਆ ਗਿਆ ਹੈ।
ਇਸ ਸਬੰਧੀ ਰਿਸ਼ਾਂਤ ਦੇ ਪਿਤਾ ਨੇ ਰੋਂਦੇ ਹੋਏ ਦੱਸਿਆ ਕਿ ਉਹ ਸਵੇਰੇ ਜਲਦੀ ਕੰਮ ਲਈ ਨਿਕਲ ਗਏ ਸਨ ਅਤੇ ਆਪਣੇ ਬੱਚੇ ਨੂੰ ਗੋਦੀ ਵਿੱਚ ਵੀ ਨਹੀਂ ਚੁੱਕ ਸਕੇ ਸਨ । ਉਸੇ 17 ਅਗਸਤ ਦੀ ਦੁਪਹਿਰ ਨੂੰ ਰਿਸ਼ਾਂਤ ਦੇ ਜ਼ਖਮੀ ਹੋਣ ਦੀ ਬੁਰੀ ਖਬਰ ਉਨ੍ਹਾਂ ਤੱਕ ਪਹੁੰਚੀ । ਰਿਸ਼ਾਂਤ ਦੇ ਜਾਣ ਤੋਂ ਬਾਅਦ ਘਰ ਵਿੱਚ ਸੋਗ ਦਾ ਮਾਹੌਲ ਹੈ ਪਰ ਦੋ ਲੋਕਾਂ ਨੂੰ ਨਵਾਂ ਜੀਵਨ ਮਿਲਣ ‘ਤੇ ਪਰਿਵਾਰ ਨੂੰ ਕੁਝ ਰਾਹਤ ਮਿਲੀ ਹੈ । ਏਮਜ਼ ਵਿੱਚ ਅੰਗ ਦਾਨ ਦੀ ਮੁਖੀ ਡਾ: ਆਰਤੀ ਵਿਜ ਦੇ ਅਨੁਸਾਰ ਇਹ ਇੱਕ ਮੁਸ਼ਕਲ ਪ੍ਰਕਿਰਿਆ ਹੈ ਅਤੇ ਬਹੁਤ ਸਾਰੇ ਵਿਭਾਗ ਮਿਲ ਕੇ ਕੰਮ ਕਰਦੇ ਹਨ ਤਾਂ ਜੋ ਪਹਿਲਾਂ ਪਰਿਵਾਰ ਨੂੰ ਅੰਗ ਦਾਨ ਲਈ ਮਨਾਇਆ ਜਾ ਸਕੇ, ਫਿਰ ਦਾਨ ਕੀਤੇ ਅੰਗਾਂ ਦੀ ਨਿਰਧਾਰਤ ਸਮੇਂ ਵਿੱਚ ਸਹੀ ਵਰਤੋਂ ਕੀਤੀ ਜਾ ਸਕੇ। ਜਿਸ ਤੋਂ ਬਾਅਦ ਹੀ ਮਨੁੱਖ ਨੂੰ ਨਵੀਂ ਜ਼ਿੰਦਗੀ ਮਿਲ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: