ਤਰਨਤਾਰਨ ਦੇ ਪੱਟੀ ਨੇੜੇ ਯੀਸ਼ੂ ਮਸੀਹ ਦੇ ਬੁੱਤ ਦੀ ਭੰਨ ਤੋੜ ਕੀਤੇ ਜਾਣ ਤੋਂ ਰੌਅ ਵਿੱਚ ਆਇਆ ਮਸੀਹੀ ਸਮਾਜ, ਮਸੀਹੀਆਂ ਤੇ ਗਿਰਜਿਆਂ ਦੀ ਸੁਰੱਖਿਆ ਲਈ ਹਾਈਕੋਰਟ ਪਹੁੰਚ ਗਿਆ ਹੈ। ਨੈਸ਼ਨਲ ਕ੍ਰਿਸ਼ਚੀਅਨ ਲੀਗ ਵੱਲੋਂ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਜਿਸ ਵਿੱਚ ਉਨ੍ਹਾਂ ਨੇ ਤਰਨਤਾਰਨ ਦੀ ਚਰਚ ਵਿੱਚ ਭੰਨ ਤੋੜ ਅਤੇ ਕਾਰ ਫੂਕਣ ਦਾ ਹਵਾਲਾ ਦਿੱਤਾ। ਜਿਸ ਤੋਂ ਬਾਅਦ ਈਸਾਈ ਭਾਈਚਾਰੇ ਅਤੇ ਚਰਚਾਂ ਦੇ ਲਈ ਸੁਰੱਖਿਆ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਲੀਗ ਵੱਲੋਂ ਸੀਐੱਮ ਮਾਨ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਹੈ। ਇਸਦੇ ਬਾਵਜੂਦ ਤਰਨਤਾਰਨ ਘਟਨਾ ਦੇ ਬਾਅਦ ਉਨ੍ਹਾਂ ਦੇ ਲਈ ਪੰਜਾਬ ਵਿੱਚ ਖਤਰਾ ਪੈਦਾ ਹੋ ਗਿਆ ਹੈ।
ਲੀਗ ਦੇ ਪ੍ਰਧਾਨ ਜਗਦੀਸ਼ ਮਸੀਹ ਤੇ ਚੰਡੀਗੜ੍ਹ ਦੇ ਸੁਖਜਿੰਦਰ ਗਿੱਲ ਨੇ ਹਾਈਕੋਰਟ ਤੋਂ ਮੰਗ ਕੀਤੀ ਹੈ ਕਿ ਨਿਆਂ ਤੇ ਭਲਾਈ ਦੇ ਮੱਦੇਨਜ਼ਰ ਪੰਜਾਬ ਵਿੱਚ ਸ਼ਾਂਤੀ ਤੇ ਭਾਈਚਾਰਕ ਸਾਂਝ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਇਸਦੇ ਲਈ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਅਤੇ ਪੁਲਿਸ ਨੂੰ ਸਖਤ ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਹੈ।
ਦੱਸ ਦੇਈਏ ਕਿ ਇਸ ਪਟੀਸ਼ਨ ਰਾਹੀਂ ਮਸੀਹੀ ਭਾਈਚਾਰੇ ਦੀ ਉਕਤ ਸੰਸਥਾ ਨੇ ਮੰਗ ਕੀਤੀ ਹੈ ਕਿ ਸੂਬੇ ਦੇ ਸਾਰੇ ਗਿਰਜਾ ਘਰਾਂ ਤੇ ਗਿਰਜਿਆਂ ਦੇ ਯੀਸੂ ਮਸੀਹ ਦੇ ਧਾਰਮਿਕ ਬੁੱਤਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਤੇ ਘੱਟ ਗਿਣਤੀ ਮਸੀਹੀ ਭਾਈਚਾਰੇ ਨੂੰ ਬਚਾਇਆ ਜਾਵੇ। ਜ਼ਿਕਰਯੋਗ ਹੈ ਕਿ ਤਰਨਤਾਰਨ ਵਿਖੇ ਚਰਚ ਵਿੱਚ ਅਣਪਛਾਤੇ ਵਿਅਕਤੀਆਂ ਨੇ ਭੰਨਤੋੜ ਕਰਦੇ ਹੋਏ ਕਾਰ ਨੂੰ ਅੱਗ ਲਗਾ ਦਿੱਤੀ ਸੀ, ਜਿਸ ਕਾਰਨ ਮਸੀਹੀ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: