ਤਰਨਤਾਰਨ ਦੇ ਹਰੀਕੇ ਪੱਤਣ ਵਿਖੇ ਰਾਜਸਥਾਨ ਫੀਡਰ ਨਹਿਰ ਵਿੱਚ ਇੱਕ ਵਿਆਹੁਤਾ ਔਰਤ ਵੱਲੋਂ ਆਪਣੇ ਦੋ ਬੱਚਿਆਂ ਸਣੇ ਨਹਿਰ ਵਿੱਚ ਛਾਲ ਮਾਰ ਦਿੱਤੀ । ਵਿਆਹੁਤਾ ਔਰਤ ਪਿੰਕੀ ਨੇ ਨਹਿਰ ਵਿੱਚ ਛਾਲ ਮਾਰਨ ਤੋਂ ਪਹਿਲਾਂ ਇੱਕ ਵੀਡੀਓ ਬਣਾਈ, ਜਿਸ ਵਿੱਚ ਉਸਨੇ ਇਹ ਖੌਫਨਾਕ ਕਦਮ ਚੁੱਕਣ ਦਾ ਕਾਰਨ ਦੱਸਿਆ ਗਿਆ ਹੈ। ਉਸਨੇ ਵੀਡੀਓ ਵਿੱਚ ਆਪਣੇ ਸੱਸ ਸਹੁਰੇ, ਜੇਠ ਜੇਠਾਣੀ ਅਤੇ ਹੋਰ ਜੀਆਂ ਦੇ ਨਾਂ ਲੈ ਕੇ ਦੋਸ਼ ਲਾਏ ਕਿ ਉਹ ਕਈ ਸਾਲਾਂ ਤੋਂ ਉਸ ਨੂੰ ਸਰੀਰਕ ਅਤੇ ਮਾਨਸਿਕ ਤਸੀਹੇ ਦੇ ਰਹੇ ਸਨ। ਵੀਡੀਓ ਵਿੱਚ ਮਹਿਲਾ ਨੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਦੀ ਮੰਗ ਕੀਤੀ। ਇਹ ਖ਼ੌਫਨਾਕ ਕਦਮ ਚੁੱਕਣ ਮੌਕੇ ਬਦਕਿਸਮਤ ਵਿਆਹੁਤਾ ਨੇ ਸਕੂਲ ਵਰਦੀ ਵਿੱਚ ਨਾਲ ਲਿਆਂਦੇ ਦੋਵੇਂ ਬੱਚਿਆਂ ਵਿੱਚੋਂ ਪਹਿਲਾਂ ਸੱਤ ਸਾਲਾ ਧੀ ਨਿਮਰਤਪ੍ਰੀਤ ਕੌਰ ਨੂੰ ਨਹਿਰ ਵਿੱਚ ਸੁੱਟਿਆ ਅਤੇ ਬਾਅਦ ਵਿੱਚ ਚਾਰ ਸਾਲ ਦੇ ਪੁੱਤਰ ਤਜਿੰਦਰਪਾਲ ਨੂੰ ਲੈ ਕੇ ਖੁਦ ਨਹਿਰ ਵਿੱਚ ਛਾਲ ਮਾਰ ਦਿੱਤੀ।
ਦੱਸਿਆ ਜਾ ਰਿਹਾ ਹੈ ਕਿ ਜਦੋਂ ਔਰਤ ਆਪਣੇ ਬੱਚਿਆਂ ਸਮੇਤ ਨਹਿਰ ਵਿੱਚ ਛਾਲ ਮਾਰ ਰਹੀ ਸੀ ਤਾਂ ਨਜਦੀਕ ਹੀ ਮਜਹੋਦ ਮਛੇਰਿਆਂ ਨੇ ਵੇਖ ਲਿਆ । ਮਛੇਰਿਆਂ ਨੇ ਤੁਰੰਤ ਨਹਿਰ ਵਿੱਚ ਛਾਲ ਮਾਰ ਕੇ ਤਿੰਨਾਂ ਨੂੰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰੰਤੂ ਔਰਤ ਦੀ ਲੜਕੀ ਨੂੰ ਹੀ ਬਚਾ ਸਕੇ । ਜਦਕਿ ਔਰਤ ਤੇ ਉਸਦਾ ਮੁੰਡਾ ਪਾਣੀ ਦੇ ਵਹਾਅ ਵਿੱਚ ਵਹਿ ਗਏ।
ਇਹ ਵੀ ਪੜ੍ਹੋ: ਮੋਹਾਲੀ ਝੂਲਾ ਹਾਦਸੇ ਮਗਰੋਂ ਪੰਜਾਬ ਸਰਕਾਰ ਸਖਤ, ਬਿਨ੍ਹਾਂ ਮਨਜੂਰੀ ਮੇਲਾ ਲਾਉਣ ‘ਤੇ ਦਰਜ ਹੋਵੇਗੀ FIR
ਇਸ ਸਬੰਧੀ ਪਿੰਕੀ ਦੇ ਬਾਪ ਬਲਵੀਰ ਸਿੰਘ ਨੇ ਦੱਸਿਆ ਕਿ ਪਿੰਕੀ ਦਾ ਪਤੀ ਗੁਰਲਾਲ ਸਿੰਘ ਪਹਿਲਾਂ ਵਿਦੇਸ਼ ਰਹਿੰਦਾ ਸੀ ਅਤੇ ਹੁਣ ਕਈ ਸਾਲ ਪਹਿਲਾਂ ਵਿਦੇਸ਼ੋਂ ਵਾਪਸ ਵੀ ਆ ਗਿਆ ਸੀ ਪਰ ਪਿੰਕੀ ਦਾ ਸਹੁਰਾ ਪਰਿਵਾਰ ਜ਼ੁਲਮ ਕਰਨੋ ਨਹੀਂ ਹਟਦਾ ਸੀ। ਉਨ੍ਹਾਂ ਦੱਸਿਆ ਕਿ ਕਾਫ਼ੀ ਸਮਾਂ ਉਹ ਧੀ ਨੂੰ ਪੇਕੇ ਘਰ ਰੱਖਦੇ ਸਨ। ਜਦਕਿ ਸਹੁਰੇ ਘਰ ਜਾਣ ’ਤੇ ਫਿਰ ਸਰੀਰਕ ਅਤੇ ਮਾਨਸਿਕ ਤਸ਼ੱਦਦ ਦਾ ਦੌਰ ਸ਼ੁਰੂ ਹੋ ਜਾਂਦਾ ਸੀ। ਕਈ-ਕਈ ਵਾਰ ਪੰਚਾਇਤੀ ਤੌਰ ’ਤੇ ਵੀ ਧੀ ਨੂੰ ਵੱਸਦੀ ਰੱਖਣ ਲਈ ਤਰਲੇ ਕੀਤੇ ਸਨ। ਪਿੰਕੀ ਦੇ ਪੇਕਾ ਪਰਿਵਾਰ ਨੇ ਦੋਸ਼ੀਆਂ ’ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰ ਕੇ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: