ਭਾਰਤ ਵਿੱਚ ਦਾਨ ਦੀ ਪਰੰਪਰਾ ਬਹੁਤ ਪੁਰਾਣੀ ਹੈ। ਇਸੇ ਤਰ੍ਹਾਂ ਗੁਪਤ ਦਾਨ ਦਾ ਮਾਮਲਾ ਚੰਡੀਗੜ੍ਹ ਦੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER) ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਡਾਕਟਰ ਨੇ ਇੰਸਟੀਚਿਊਟ ਨੂੰ 10 ਕਰੋੜ ਰੁਪਏ ਦਾ ਗੁਪਤ ਦਾਨ ਦਿੱਤਾ ਹੈ । ਦਾਨ ਦੇਣ ਵਾਲੇ ਡਾਕਟਰ ਪੀਜੀਆਈ ਦੇ ਇੱਕ ਵਿਭਾਗ ਦਾ ਐਚਓਡੀ ਰਹਿ ਚੁੱਕੇ ਹਨ । ਪਤਾ ਲੱਗਾ ਹੈ ਕਿ ਇੰਸਟੀਚਿਊਟ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੰਨੀ ਵੱਡੀ ਰਕਮ ਦਾਨ ਦੇ ਰੂਪ ਵਿੱਚ ਮਿਲੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਡਾਕਟਰ ਆਪਣਾ ਨਾਂ ਨਹੀਂ ਦੱਸਣਾ ਚਾਹੁੰਦਾ ਹੈ।
ਜ਼ਿਕਰਯੋਗ ਹੈ ਕਿ ਡਾਕਟਰ ਦੀ ਭਤੀਜੀ ਦਾ PGI ਚੰਡੀਗੜ੍ਹ ਵਿੱਚ ਹੀ ਗੁਰਦੇ ਦਾ ਟ੍ਰਾਂਸਪਲਾਂਟ ਹੋਇਆ ਸੀ। ਉਨ੍ਹਾਂ ਆਪਣੀ ਭਤੀਜੀ ਦੇ ਇਲਾਜ ਦੌਰਾਨ ਮਰੀਜ਼ਾਂ ਦੀਆਂ ਮੁਸ਼ਕਲਾਂ ਨੂੰ ਦੇਖਿਆ ਸੀ। ਮਰੀਜ਼ਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਉਨ੍ਹਾਂ ਨੇ ਦਾਨ ਕਰਨ ਦਾ ਫੈਸਲਾ ਕੀਤਾ। ਪਰ ਕੌਣ ਜਾਣਦਾ ਸੀ ਕਿ ਡਾਕਟਰ 10 ਕਰੋੜ ਦੀ ਵੱਡੀ ਰਕਮ ਦਾਨ ਕਰਨਗੇ। ਉਹ ਪਹਿਲਾਂ ਵੀ ਇਸ ਤਰ੍ਹਾਂ ਦਾ ਕੰਮ ਕਰ ਚੁੱਕੇ ਹਨ। ਸਾਲ 2020 ਵਿੱਚ ਡਾਕਟਰ ਜੋੜੇ ਨੇ ਪੀਜੀਆਈ ਨੂੰ 50 ਲੱਖ ਰੁਪਏ ਦਾਨ ਕੀਤੇ।
ਦੱਸ ਦੇਈਏ ਕਿ ਪਿਛਲੇ ਸਾਲ PGI ਨੇ ਗਰੀਬ ਮਰੀਜ਼ਾਂ ਦੀ ਮਦਦ ਲਈ ਲੋਕਾਂ ਨੂੰ ਦਾਨ ਦੇਣ ਦੀ ਅਪੀਲ ਕੀਤੀ ਸੀ । ਇੰਸਟੀਚਿਊਟ ਵਿੱਚ ਇੱਕ ‘ਗਰੀਬ ਮਰੀਜ਼ ਭਲਾਈ ਫੰਡ’ ਵੀ ਹੈ, ਜੋ ਲੋੜਵੰਦ ਮਰੀਜ਼ਾਂ ਨੂੰ ਸਹਾਇਤਾ ਪ੍ਰਦਾਨ ਕਰਨ ਵਿੱਚ ਮਦਦ ਕਰਦਾ ਹੈ । ਇੱਕ ਰਿਪੋਰਟ ਦੇ ਅਨੁਸਾਰ ਸਾਲ 2019 ਅਤੇ 2020 ਵਿੱਚ 2,858 ਗਰੀਬ ਮਰੀਜ਼ਾਂ ਨੂੰ 1.49 ਕਰੋੜ ਰੁਪਏ ਦੀ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਗਈ ਸੀ । ਇਸ ਦੇ ਨਾਲ ਹੀ 2020 ਤੋਂ 2021 ਦੌਰਾਨ ਲਗਭਗ 3,248 ਮਰੀਜ਼ਾਂ ਨੂੰ 1.39 ਕਰੋੜ ਰੁਪਏ ਦਿੱਤੇ ਗਏ।
ਵੀਡੀਓ ਲਈ ਕਲਿੱਕ ਕਰੋ -: