ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ (GNDH) ਵਿੱਚ ਇਲਾਜ ਲਈ ਆਇਆ ਇੱਕ ਹੋਰ ਕੈਦੀ ਭੱਜਣ ਵਿੱਚ ਕਾਮਯਾਬ ਹੋ ਗਿਆ ਹੈ । ਜਿਸ ਤੋਂ ਬਾਅਦ ਪੁਲਿਸ ਨੇ ਫਰਾਰ ਹੋਏ ਕੈਦੀ ਦੀ ਭਾਲ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਇਸ ਤੋਂ ਇਲਾਵਾ ਪੁਲਿਸ ਨੇ ਕੈਦੀ ਅਤੇ ਉਸ ਦੇ ਨਾਲ ਜਾ ਰਹੇ ਤਿੰਨ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਵੀ ਥਾਣਾ ਮਜੀਠਾ ਰੋਡ ਵਿਖੇ ਕੇਸ ਦਰਜ ਕਰ ਲਿਆ ਹੈ।
GNDH ਤੋਂ ਫਰਾਰ ਹੋਏ ਕੈਦੀ ਦੀ ਪਛਾਣ ਅੰਮ੍ਰਿਤਸਰ ਦੇ ਪਿੰਡ ਚੀਮਾ ਬਾਠ ਵਾਸੀ ਕਰਨਦੀਪ ਸਿੰਘ ਵਜੋਂ ਹੋਈ ਹੈ । ਪੁਲਿਸ ਨੇ ਕਰਨਦੀਪ ਖਿਲਾਫ਼ IPC 379 ਤਹਿਤ ਕੇਸ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਕਰਨਦੀਪ ਨੂੰ ਸ਼ਨੀਵਾਰ ਰਾਤ ਨੂੰ ਗੁਰੂ ਨਾਨਕ ਦੇਵ ਹਸਪਤਾਲ ਲਿਆਂਦਾ ਗਿਆ ਸੀ। ਜਦੋਂ ਉਸਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਹ ਬੇਹੋਸ਼ ਸੀ । ਜੇਲ੍ਹ ਵਿੱਚ ਰਾਤ ਤਬੀਅਤ ਖਰਾਬ ਹੋਣ ਦੇ ਕਾਰਨ ਹੀ ਡਾਕਟਰਾਂ ਨੇ ਉਸ ਨੂੰ GNDH ਰੈਫ਼ਰ ਕੀਤਾ ਸੀ। ਜਿੱਥੇ ਡਾਕਟਰਾਂ ਨੇ ਉਸਨੂੰ ਐਮਰਜੈਂਸੀ ਵਾਰਡ ਮੈਡੀਸਨ ਵਿੱਚ ਦਾਖ਼ਲ ਕੀਤਾ ਹੋਇਆ ਸੀ।
ਇਹ ਵੀ ਪੜ੍ਹੋ: CU ਕਾਂਡ : ਰੋਹੜੂ ‘ਚ ਹੀ ਬੇਕਰੀ ‘ਤੇ ਕੰਮ ਕਰਦਾ ਹੈ ਦੋਸ਼ੀ ਨੌਜਵਾਨ, ਪੰਜਾਬ ਪੁਲਿਸ ਨੇ ਲਿਆ ਹਿਰਾਸਤ ‘ਚ
GNDH ਵਿੱਚ ਇਲਾਜ ਅਧੀਨ ਕਰਨਦੀਪ ਸਿੰਘ ਦੇ ਨਾਲ ਜੇਲ੍ਹ ਪ੍ਰਸ਼ਾਸਨ ਨੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਭੇਜਿਆ ਸੀ, ਪਰ ਉਹ ਉਕਤ ਸੁਰੱਖਿਆ ਕਰਮੀਆਂ ਨੂੰ ਚਕਮਾ ਦੇਣ ਵਿੱਚ ਕਾਮਯਾਬ ਹੋ ਗਿਆ । ਕਰਨਦੀਪ ਨੇ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਸਿਹਤ ਖਰਾਬ ਹੋਣ ਦੀ ਐਕਟਿੰਗ ਕਰਨੀ ਸ਼ੁਰੂ ਕਰ ਦਿੱਤੀ । ਉਸ ਦੇ ਨਾਲ ਆਏ ਸੁਰੱਖਿਆ ਕਰਮਚਾਰੀ ਉਸ ਦੇ ਜਾਲ ਵਿੱਚ ਫਸ ਗਏ। ਜਦੋਂ ਸਾਰੇ ਪੁਲਿਸ ਮੁਲਾਜ਼ਮ ਡਾਕਟਰਾਂ ਨੂੰ ਲੈਣ ਲਈ ਭੱਜੇ ਤਾਂ ਕਰਨਦੀਪ ਹਸਪਤਾਲ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਅੱਤਵਾਦੀ ਆਸ਼ੀਸ਼ ਮਸੀਹ ਪੁਲਿਸ ਨੂੰ ਚਕਮਾ ਦੇ ਕੇ ਅੰਮ੍ਰਿਤਸਰ ਦੇ ਮੈਂਟਲ ਹਸਪਤਾਲ ਤੋਂ ਫਰਾਰ ਹੋ ਗਿਆ ਸੀ । ਉਹ 9 ਮਹੀਨੇ ਪਹਿਲਾਂ ਗੁਰਦਾਸਪੁਰ ਦੇ ਦੀਨਾ ਨਗਰ ਤੋਂ ਮਿਲੇ RDX ਅਤੇ ਹੈਂਡ ਗ੍ਰੇਨੇਡ ਦੇ ਮਾਮਲੇ ਵਿੱਚ ਫੜਿਆ ਗਿਆ ਸੀ। ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਜਾਣ ਵਾਲੇ ਆਸ਼ੀਸ਼ ਵੀ ਬਿਮਾਰ ਹੋਣ ਦੇ ਬਹਾਨੇ ਮੈਂਟਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਉਹ ਪੁਲਿਸ ਨੂੰ ਚਕਮਾ ਦੇ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ । ਹਾਲਾਂਕਿ ਪੰਜ ਦਿਨਾਂ ਦੇ ਅੰਦਰ ਹੀ ਦੋਸ਼ੀ ਨੂੰ ਫਿਰ ਤੋਂ ਪੁਲਿਸ ਨੇ ਫੜ ਲਿਆ ਸੀ।
ਵੀਡੀਓ ਲਈ ਕਲਿੱਕ ਕਰੋ -: