ਸੁਪਰੀਮ ਕੋਰਟ ਨੇ ਵੀਰਵਾਰ ਨੂੰ ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਸਿੰਘ ਅਤੇ ਸ਼ਿਵਇੰਦਰ ਸਿੰਘ ਨੂੰ ਜਾਪਾਨੀ ਫਰਮ ਦਾਈਚੀ ਸਾਂਕਿਓ ਦੁਆਰਾ ਦਾਇਰ ਇੱਕ ਕੇਸ ਵਿੱਚ ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ । ਅਦਾਲਤ ਨੇ ਫੋਰਟਿਸ ਹੈਲਥਕੇਅਰ ਲਿਮਿਟਿਡ ਦੇ ਸ਼ੇਅਰਾਂ ਦੀ ਵਿਕਰੀ ਦੀ ਫਾਰੈਂਸਿਕ ਆਡਿਟ ਦਾ ਵੀ ਆਦੇਸ਼ ਦਿੱਤਾ । ਸੁਪਰੀਮ ਕੋਰਟ ਨੇ IHH ਓਪਨ ਆਫਰ ‘ਤੇ ਰੋਕ ਜਾਰੀ ਰੱਖਦੇ ਹੋਏ ਮਾਮਲੇ ਨੂੰ ਦਿੱਲੀ ਹਾਈਕੋਰਟ ਕੋਲ ਭੇਜ ਦਿੱਤਾ।
ਗੌਰਤਲਬ ਹੈ ਕਿ ਫੋਰਟਿਸ ਹੈਲਥਕੇਅਰ ਲਿਮਟਿਡ ਦੇ ਸਾਬਕਾ ਪ੍ਰਮੋਟਰ ਜਾਪਾਨੀ ਕੰਪਨੀ ‘ਦਾਈਚੀ ਸਾਂਕਿਓ’ ਨਾਲ ਵੀ ਅਦਾਲਤੀ ਲੜਾਈ ਵਿੱਚ ਉਲਝੇ ਹੋਏ ਹਨ। ਜਾਪਾਨੀ ਕੰਪਨੀ ਨੇ ਸਿੰਘ ਭਰਾਵਾਂ ਦੇ ਖਿਲਾਫ ਸਿੰਗਾਪੁਰ ਟ੍ਰਿਬਿਊਨਲ ਵਿੱਚ 3,600 ਕਰੋੜ ਰੁਪਏ ਦੀ ਆਰਬਿਟਰੇਸ਼ਨ ਰਕਮ ਜਿੱਤੀ ਸੀ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਫੋਰਟਿਸ-ਆਈਐਚਐਚ ਸ਼ੇਅਰ ਸੌਦੇ ਨੂੰ ਚੁਣੌਤੀ ਦਿੱਤੀ ਹੈ । ਆਈਐਚਐਚ-ਫੋਰਟਿਸ ਸੌਦਾ ਦਾਈਚੀ ਅਤੇ ਸਿੰਘ ਭਰਾਵਾਂ ਵਿਚਾਲੇ ਅਦਾਲਤੀ ਲੜਾਈ ਕਾਰਨ ਰੁਕਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ 2018 ਵਿੱਚ ਜਦੋਂ ਕੁਝ ਭਾਰਤੀਆਂ ਨੇ ਫੋਰਟਿਸ ਹੈਲਥਕੇਅਰ ਦੇ ਆਪਣੇ ਸ਼ੇਅਰ ਮਲੇਸ਼ੀਆ ਦੀ ਕੰਪਨੀ IHH ਨੂੰ ਵੇਚ ਦਿੱਤੇ ਸਨ ਤਾਂ ਦਾਈਚੀ ਅਦਾਲਤ ਪਹੁੰਚੇ ਸਨ। ਜਾਪਾਨੀ ਕੰਪਨੀ ਦਾ ਦੋਸ਼ ਹੈ ਕਿ ਫੋਰਟਿਸ ਦੇ ਸਾਬਕਾ ਪ੍ਰਮੋਟਰਾਂ ਨੇ ਉਸ ਨੂੰ ਭਰੋਸਾ ਦਿਵਾਇਆ ਸੀ ਕਿ ਭਾਰਤੀ ਹਸਪਤਾਲ ਲੜੀ ਵਿਚਲੇ ਉਨ੍ਹਾਂ ਦੇ ਸ਼ੇਅਰ ਟ੍ਰਿਬਿਊਨਲ ਦੇ ਫੈਸਲੇ ਅਨੁਸਾਰ ਆਰਬਿਟਰੇਸ਼ਨ ਰਾਸ਼ੀ ਦਾ ਭੁਗਤਾਨ ਕਰਨਗੇ ।
ਇਸ ਸਬੰਧੀ ਫੋਰਟਿਸ ਹੈਲਥਕੇਅਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਸੁਪਰੀਮ ਕੋਰਟ ਦੇ ਸਾਹਮਣੇ ਸੁਣਵਾਈ ਕੁਝ ਨਿਰਦੇਸ਼ਾਂ ਦੇ ਨਾਲ ਖਤਮ ਹੋ ਗਈ ਹੈ ਅਤੇ ਸੁਓ ਮੋਟੋ ਨੋਟਿਸ ਨਾਲ ਸ਼ੁਰੂ ਕੀਤੀ ਗਈ ਮਾਣਹਾਨੀ ਦੀ ਕਾਰਵਾਈ ਵੀ ਖਤਮ ਹੋ ਗਈ ਹੈ। ਅਸੀਂ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਕਰਾਂਗੇ ਅਤੇ ਭਵਿੱਖ ਦੀ ਕਾਰਵਾਈ ਬਾਰੇ ਕਾਨੂੰਨੀ ਸਲਾਹ ਲਵਾਂਗੇ।
ਵੀਡੀਓ ਲਈ ਕਲਿੱਕ ਕਰੋ -: