STF ਨੇ ਲੁਧਿਆਣਾ ‘ਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਲਾਕਡਾਊਨ ਦੌਰਾਨ ਮਲੇਸ਼ੀਆ ਤੋਂ ਘਰ ਪਰਤਿਆ ਅਤੇ ਇੱਥੇ ਨਸ਼ਾ ਤਸਕਰ ਬਣ ਗਿਆ। ਪੁਲਿਸ ਨੇ ਉਸ ਕੋਲੋਂ 2.93 ਕਿਲੋਗ੍ਰਾਮ ਹੈਰੋਇਨ, ਇਲੈਕਟ੍ਰਾਨਿਕ ਸਟਿਕਸ ਅਤੇ 210 ਖਾਲੀ ਪਲਾਸਟਿਕ ਦੇ ਪਾਊਚ ਬਰਾਮਦ ਕੀਤੇ।
ਉਸ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਗਿਆ ਹੈ। ਮੁਲਜ਼ਮ ਦੀ ਪਛਾਣ ਪਲਵਿੰਦਰ ਸਿੰਘ ਉਰਫ਼ ਪਿੰਦਰ ਬਰਾੜ ਵਾਸੀ ਦੁੱਗਰੀ ਅਰਬਨ ਅਸਟੇਟ ਫੇਜ਼-2 ਵਜੋਂ ਹੋਈ ਹੈ। ਉਹ ਮੂਲ ਰੂਪ ਵਿੱਚ ਮੋਗਾ ਦੇ ਪਿੰਡ ਕੋਟਲਾ ਰਾਏ ਦਾ ਰਹਿਣ ਵਾਲਾ ਹੈ। ਏਆਈਜੀ ਐਸਟੀਐਫ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਲਵਿੰਦਰ ਆਪਣੀ ਸਵਿਫਟ ਕਾਰ ਵਿੱਚ ਚੰਡੀਗੜ੍ਹ ਵਾਲੇ ਪਾਸੇ ਤੋਂ ਹੈਰੋਇਨ ਲਿਆਉਂਦਾ ਹੈ। ਇਸ ਤੋਂ ਬਾਅਦ ਆਪਣੀ ਸਕੂਟੀ ‘ਤੇ ਗਾਹਕਾਂ ਨੂੰ ਸਪਲਾਈ ਕਰਦਾ ਹੈ। ਸੂਚਨਾ ਦੇ ਆਧਾਰ ‘ਤੇ ਇੰਸਪੈਕਟਰ ਹਰਬੰਸ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਉਥੇ ਜਾਲ ਵਿਛਾ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ। ਉਸ ਦੀ ਸਕੂਟੀ ਦੇ ਡਿਗੀ ਵਿੱਚ ਰੱਖੀ ਹੈਰੋਇਨ ਵੀ ਬਰਾਮਦ ਹੋਈ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਦੋ ਸਾਲ ਪਹਿਲਾਂ ਮਲੇਸ਼ੀਆ ਤੋਂ ਵਾਪਸ ਆਇਆ ਸੀ। ਪਰ ਡੇਢ ਸਾਲ ਪਹਿਲਾਂ ਉਸ ਨੇ ਇੱਥੇ ਆ ਕੇ ਚੰਗਾ ਗੁਜ਼ਾਰਾ ਚਲਾਉਣ ਲਈ ਹੈਰੋਇਨ ਦੀ ਤਸਕਰੀ ਦਾ ਕੰਮ ਸ਼ੁਰੂ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਪਿਛਲੇ ਦਿਨੀਂ ਉਸ ਵਿਰੁੱਧ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਥਾਣੇ ਵਿੱਚ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਐੱਸ.ਟੀ.ਐੱਫ ਨੇ ਕੇਂਦਰੀ ਜੇਲ ਤੋਂ ਹੈਰੋਇਨ ਦੀ ਤਸਕਰੀ ਦਾ ਨੈੱਟਵਰਕ ਚਲਾ ਰਹੇ ਰਣਜੀਤ ਸਿੰਘ ਉਰਫ ਕਾਲੀ ਦਾ ਨਾਂ ਜੇਲ ‘ਚ ਹੈਰੋਇਨ ਦੀ ਤਸਕਰੀ ਨਾਲ ਜੋੜਿਆ ਸੀ। ਕਾਲੀ ਦਾ ਨਾਮ ਉਸ ਸਮੇਂ ਸਾਹਮਣੇ ਆਇਆ ਜਦੋਂ ਐਸਟੀਐਫ ਨੇ 400 ਗ੍ਰਾਮ ਹੈਰੋਇਨ ਸਮੇਤ ਫੜੇ ਗਏ ਹਰਜਿੰਦਰ ਸਿੰਘ ਉਰਫ ਗੋਲਡੀ ਅਤੇ ਪਰਮਿੰਦਰ ਸਿੰਘ ਉਰਫ ਗੱਗੂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ। ਇਹ ਵੀ ਪਤਾ ਲੱਗਾ ਕਿ ਰਣਜੀਤ ਸਿੰਘ ਉਰਫ਼ ਕਾਲੀ ਆਪਣੇ ਗਾਹਕਾਂ ਨੂੰ ਸਪਲਾਈ ਕਰਨ ਲਈ ਅਮਨਦੀਪ ਜੇਠੀ ਅਤੇ ਉਸ ਦੀ ਪਤਨੀ ਤਨੂ ਤੋਂ ਹੈਰੋਇਨ ਦੀਆਂ ਖੇਪਾਂ ਮੰਗਵਾਉਂਦਾ ਸੀ। ਇਸੇ ਮਾਮਲੇ ਦੀ ਅਗਲੀ ਜਾਂਚ ਦੌਰਾਨ ਪਿੰਦਰ ਬਰਾੜ ਦਾ ਨਾਂ ਵੀ ਸਾਹਮਣੇ ਆਇਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।