ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਵੱਲੋਂ ਪ੍ਰਭੂ ਯੀਸ਼ੂ ’ਤੇ ਵਿਵਾਦਤ ਟਿੱਪਣੀ ਕਰਨ ਤੋਂ ਬਾਅਦ ਈਸਾਈ ਭਾਈਚਾਰੇ ਵੱਲੋਂ ਜਲੰਧਰ ਦੇ ਪੀ. ਏ. ਪੀ. ਚੌਂਕ ’ਚ ਧਰਨਾ ਦਿੱਤਾ ਗਿਆ। ਇਸਾਈ ਭਾਈਚਾਰੇ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਉੱਠੀ ਹੈ।
ਪ੍ਰਦਰਸ਼ਨ ਕਰ ਰਹੇ ਈਸਾਈ ਭਾਈਚਾਰੇ ਨੇ ਕਿਹਾ ਕਿ ਸਾਡਾ ਪ੍ਰਦਰਸ਼ਨ ਸਿੱਖ ਭਾਈਚਾਰੇ ਖ਼ਿਲਾਫ਼ ਨਹੀਂ ਹੈ ਸਿਰਫ਼ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਹੈ, ਜਿਸ ਨੇ ਪ੍ਰਭੂ ਯੀਸ਼ੂ ’ਤੇ ਵਿਵਾਦਤ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੋਲ ਅਧੂਰਾ ਗਿਆਨ ਹੈ ਅਤੇ ਅਧੂਰਾ ਗਿਆਨ ਸਿਹਤ ਲਈ ਨੁਕਸਾਨਦਾਇਕ ਹੁੰਦਾ ਹੈ।
ਉਨ੍ਹਾਂ ਮੰਗ ਕੀਤੀ ਕਿ ਅੰਮ੍ਰਿਤਪਾਲ ’ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਗਿ੍ਰਫ਼ਤਾਰ ਕੀਤਾ ਜਾਵੇ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਈਸਾਈ ਭਾਈਚਾਰੇ ਵੱਲੋਂ ਅੱਜ ਦੁਪਹਿਰ ਨੂੰ ਮੀਟਿੰਗ ਕਰਨ ਤੋਂ ਬਾਅਦ ਵੱਡਾ ਕਦਮ ਚੁੱਕਿਆ ਜਾਵੇਗਾ।
ਇਥੇ ਦੱਸਣਯੋਗ ਹੈ ਕਿ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਵੱਲੋਂ ਪ੍ਰਭੂ ਯੀਸ਼ੂ ’ਤੇ ਵਿਵਾਦਤ ਟਿੱਪਣੀ ਕਰਨ ਤੋਂ ਬਾਅਦ ਈਸਾਈ ਭਾਈਚਾਰੇ ਵੱਲੋਂ ਜਲੰਧਰ ’ਚ ਨੈਸ਼ਨਲ ਹਾਈਵੇਅ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ, ਪਰ ਦੇਰ ਰਾਤ ਪੁਲਸ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਵੱਲੋਂ ਭਾਈਚਾਰੇ ਨੂੰ ਇਸ ਗੱਲ ਲਈ ਰਾਜ਼ੀ ਕਰ ਲਿਆ ਕਿ ਉਹ ਪ੍ਰਦਰਸ਼ਨ ਕਰਨ ਪਰ ਇਕ ਸਾਈਡ ’ਤੇ ਸਟੇਜ ਲਗਾ ਲੈਣ। ਹੁਣ ਈਸਾਈ ਭਾਈਚਾਰੇ ਵੱਲੋਂ ਪੀ. ਏ. ਪੀ. ਗਰਾਊਂਡ ਦੇ ਸਾਹਮਣੇ ਇਕ ਸਾਈਡ ’ਤੇ ਸਟੇਜ ਲਗਾਈ ਹੈ ਅਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਧਰਨੇ ਨਾਲ ਜੁੜੀ ਤਾਜ਼ਾ ਖ਼ਬਰ ਸਾਹਮਣੇ ਆਈ ਹੈ ਕਿ ਈਸਾਈ ਭਾਈਚਾਰੇ ਵੱਲੋਂ ਹੁਣ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ ਗਿਆ ਹੈ।