ਆਸਟ੍ਰੇਲੀਆ ‘ਚ ਕਤਲ ਕਰਕੇ ਭਾਰਤ ਭੱਜਣ ਵਾਲੇ ਵਿਅਕਤੀ ਨੂੰ ਇੰਟਰਪੋਲ ਨੇ ਦਿੱਲੀ ਪੁਲਿਸ ਦੀ ਮਦਦ ਨਾਲ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦਾ ਨਾਂ ਰਾਜਵਿੰਦਰ ਸਿੰਘ ਹੈ ਅਤੇ ਉਹ ਮੂਲ ਰੂਪ ਤੋਂ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਜਾਣਕਾਰੀ ਮੁਤਾਬਕ ਰਾਜਵਿੰਦਰ ਨੇ 4 ਸਾਲ ਪਹਿਲਾਂ ਆਸਟ੍ਰੇਲੀਆ ‘ਚ ਇਕ ਮਹਿਲਾ ਨਾਗਰਿਕ ਨੂੰ ਮਾਰ ਦਿੱਤਾ ਸੀ ਕਿਉਂਕਿ ਉਸ ਦਾ ਕੁੱਤਾ ਰਾਜਵਿੰਦਰ ਨੂੰ ਦੇਖ ਕੇ ਭੌਂਕ ਰਿਹਾ ਸੀ।
ਮ੍ਰਿਤਕ ਆਸਟ੍ਰੇਲੀਅਨ ਔਰਤ ਦਾ ਨਾਂ ਟੋਯਾਹ ਕੋਰਡਿੰਗਲੀ ਸੀ। ਕੁਈਨਜ਼ਲੈਂਡ, ਆਸਟ੍ਰੇਲੀਆ ‘ਚ 21 ਅਕਤੂਬਰ 2018 ਨੂੰ ਰਾਜਵਿੰਦਰ ਨੇ 24 ਸਾਲਾ ਤੋਯਾਹ ਦਾ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਉਹ ਭਾਰਤ ਆ ਗਿਆ ਅਤੇ ਲੁਕ ਗਿਆ। ਇੱਥੇ ਆ ਕੇ ਉਸ ਨੇ ਆਪਣਾ ਰੂਪ ਵੀ ਬਦਲ ਲਿਆ।
ਦੱਸ ਦੇਈਏ ਕਿ ਮੁਲਜ਼ਮ ਰਾਜਵਿੰਦਰ ਆਪਣੀ ਪਤਨੀ ਨਾਲ ਆਸਟਰੇਲੀਆ ਦੇ ਕੁਈਨਜ਼ਲੈਂਡ ਵਿੱਚ ਰਹਿੰਦਾ ਸੀ। 21 ਅਕਤੂਬਰ 2018 ਨੂੰ ਉਸਦੀ ਪਤਨੀ ਨਾਲ ਝਗੜਾ ਹੋ ਗਿਆ। ਇਸ ਤੋਂ ਬਾਅਦ ਰਾਜਵਿੰਦਰ ਗੁੱਸੇ ‘ਚ ਘਰੋਂ ਨਿਕਲ ਗਿਆ ਅਤੇ ਰਸਤੇ ਤੋਂ ਫਲ ਖਰੀਦ ਕੇ ਸਮੁੰਦਰੀ ਕਿਨਾਰੇ ਚਲਾ ਗਿਆ। ਰਾਜਵਿੰਦਰ ਬੀਚ ‘ਤੇ ਚਾਕੂ ਨਾਲ ਫਲ ਕੱਟ ਰਿਹਾ ਸੀ। ਜਦੋਂ 24 ਸਾਲਾ ਤੋਯਾਹ ਆਪਣੇ ਕੁੱਤੇ ਨੂੰ ਸੈਰ ਕਰਨ ਲਈ ਲੈ ਕੇ ਉਥੇ ਪਹੁੰਚੀ ‘ਤਾਂ ਟੋਯਾਹ ਦਾ ਕੁੱਤਾ ਰਾਜਵਿੰਦਰ ਨੂੰ ਦੇਖ ਕੇ ਭੌਂਕਣ ਲੱਗ ਪਿਆ। ਇਸ ਗੱਲ ਨੂੰ ਲੈ ਕੇ ਰਾਜਵਿੰਦਰ ਦੀ ਟੋਯਾਹ ਨਾਲ ਲੜਾਈ ਹੋ ਗਈ ਅਤੇ ਗੁੱਸੇ ‘ਚ ਆ ਕੇ ਉਸਨੇ ਟੋਯਾਹ ‘ਤੇ ਫਲ ਕੱਟਣ ਵਾਲੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ‘ਚ ਟੋਯਾਹ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਟੋਯਾਹ ਦੀ ਮੌਤ ਤੋਂ 2 ਦਿਨ ਬਾਅਦ ਰਾਜਵਿੰਦਰ ਭਾਰਤ ਆਇਆ ਸੀ। ਇੱਥੇ ਆ ਕੇ ਉਸ ਨੇ ਪੱਗ ਬੰਨ੍ਹਣੀ ਸ਼ੁਰੂ ਕਰ ਦਿੱਤੀ ਅਤੇ ਦਾੜ੍ਹੀ ਵੀ ਵਧਾ ਲਈ। ਰਾਜਵਿੰਦਰ ਮੂਲ ਰੂਪ ਵਿੱਚ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ। ਪਰ ਪੁਲਿਸ ਤੋਂ ਬਚਣ ਲਈ ਉਹ ਪੰਜਾਬ ਨਹੀਂ ਆਇਆ ਅਤੇ ਦਿੱਲੀ ਵਿੱਚ ਰਹਿਣ ਲੱਗ ਪਿਆ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਦੂਜੇ ਪਾਸੇ ਆਸਟ੍ਰੇਲੀਅਨ ਪੁਲਿਸ ਨੂੰ ਸਬੂਤ ਮਿਲੇ ਕਿ ਟੋਯਾਹ ਦਾ ਕਤਲ ਰਾਜਵਿੰਦਰ ਨੇ ਕੀਤਾ ਸੀ। ਆਸਟ੍ਰੇਲੀਅਨ ਪੁਲਿਸ ਨੇ ਰਾਜਵਿੰਦਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਆਪਣੇ ਨਾਗਰਿਕ ਦੇ ਕਤਲ ਦੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਆਸਟ੍ਰੇਲੀਅਨ ਸਰਕਾਰ ਨੇ ਰਾਜਵਿੰਦਰ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਵਾਲੇ ਨੂੰ 10 ਲੱਖ ਡਾਲਰ ਦੇ ਇਨਾਮ ਦਾ ਐਲਾਨ ਵੀ ਕੀਤਾ ਸੀ।
ਰਾਜਵਿੰਦਰ ਦੇ ਭਾਰਤ ਜਾਣ ਦਾ ਪਤਾ ਲੱਗਣ ਤੋਂ ਬਾਅਦ ਆਸਟ੍ਰੇਲੀਅਨ ਸਰਕਾਰ ਨੇ ਮਾਰਚ-2021 ਵਿੱਚ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਇਹ ਪੂਰਾ ਮਾਮਲਾ ਇੰਟਰਪੋਲ ਨੂੰ ਭੇਜਿਆ ਗਿਆ। ਡੇਢ ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਇੰਟਰਪੋਲ ਪੁਲਿਸ ਨੇ ਦਿੱਲੀ ਪੁਲਿਸ ਦੀ ਮਦਦ ਨਾਲ 25 ਨਵੰਬਰ ਨੂੰ ਰਾਜਵਿੰਦਰ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਮੁਤਾਬਕ ਹੁਣ ਉਸ ਨੂੰ ਆਸਟ੍ਰੇਲੀਆ ਭੇਜਿਆ ਜਾਵੇਗਾ ਜਿੱਥੇ ਉਸ ‘ਤੇ ਟੋਯਾਹ ਦੇ ਕਤਲ ਦਾ ਮੁਕੱਦਮਾ ਚਲਾਇਆ ਜਾਵੇਗਾ।