ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਿਊਂਸੀਪਲ ਭਵਨ ਸੈਕਟਰ-35 ਵਿਖੇ PSPCL ਵਲੋਂ ਭਰਤੀ ਕੀਤੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਹਨ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ 603 ਮੁੰਡੇ-ਕੁੜੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ, ਜੋ ਕਿ ਆਪਣੇ ਪਰਿਵਾਰ ਦੇ ਨਾਲ-ਨਾਲ ਪੰਜਾਬ ਸਰਕਾਰ ਦੇ ਪਰਿਵਾਰ ਦਾ ਵੀ ਇਕ ਹਿੱਸਾ ਬਣ ਗਏ ਹਨ। ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਹੁਣ ਤੱਕ 8 ਮਹੀਨਿਆਂ ‘ਚ ਲਗਭਗ 21 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਚੁੱਕਾ ਹੈ।
CM ਮਾਨ ਨੇ ਕਿਹਾ ਕਿ ਪੰਜਾਬ ‘ਚ ਲੋਕਾਂ ਨੂੰ ਬਿਜਲੀ ਦੀ ਕੋਈ ਪਰੇਸ਼ਾਨੀ ਨਹੀਂ ਆਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ‘ਚ ਟਾਟਾ ਸਟੀਲ ਦਾ ਪਲਾਂਟ ਲੱਗਣ ਜਾ ਰਿਹਾ ਹੈ। ਜਿੰਨੇ ਵੀ ਸਰਕਾਰੀ ਅਦਾਰੇ ਹਨ, ਉਨ੍ਹਾਂ ‘ਤੇ ਸੋਲਰ ਲਾਏ ਜਾਣਗੇ ਅਤੇ ਰਹਿੰਦਾ ਬਿੱਲ ਉਨ੍ਹਾਂ ਨੂੰ ਭਰਨ ਲਈ ਕਿਹਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਹਜ਼ਾਰਾਂ ਨੌਕਰੀਆਂ ਦਿੱਤੀਆਂ ਗਈਆਂ ਹਨ, ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ ਅਤੇ ਇਸਦੇ ਨਾਲ ਹੀ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਸਬੰਧੀ ਕਾਰਵਾਈ ਵੀ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਹੁਣ ਨੌਕਰੀਆਂ ‘ਚ ਕਿਸੇ ਤਰ੍ਹਾਂ ਦੀ ਕੋਈ ਸਿਫ਼ਾਰਿਸ਼ ਨਹੀਂ ਚੱਲਦੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਇਸ ਵਾਰ ਦੇ 86 ਫ਼ੀਸਦੀ ਬਿੱਲ ਜ਼ੀਰੋ ਆਏ ਹਨ ਅਤੇ ਅਗਲੀ ਵਾਰ 95 ਫ਼ੀਸਦੀ ਲੋਕਾਂ ਦੇ ਬਿਜਲੀ ਬਿੱਲ ਜ਼ੀਰੋ ਆਉਣਗੇ। ਝਾਰਖੰਡ ‘ਚ ਪੰਜਾਬ ਦੀਆਂ ਕੋਲੇ ਦੀਆਂ ਖਾਨਾਂ ਨੂੰ ਦੁਬਾਰਾ ਸ਼ੁਰੂ ਕੀਤਾ ਜਾਵੇਗਾ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਜਦੋਂ ਸਾਰੇ ਮਹਿਕਮਿਆਂ ‘ਚੋਂ ਭ੍ਰਿਸ਼ਟਾਚਾਰ ਘੱਟ ਗਿਆ ਤਾਂ ਬਜਟ ਵੱਧ ਜਾਵੇਗਾ ਅਤੇ ਜਦੋਂ ਬਜਟ ਵੱਧ ਗਿਆ ਤਾਂ ਸਭ ਦੀਆਂ ਤਨਖ਼ਾਹਾਂ ਵਧ ਜਾਣਗੀਆਂ।
ਵੀਡੀਓ ਲਈ ਕਲਿੱਕ ਕਰੋ -: