ਵਿਜੀਲੈਂਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਇੱਕ ਦਿਨ ਬਾਅਦ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਰਮਨ ਅਰੋੜਾ, ਨੂੰ ਵੀਰਵਾਰ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਲੰਧਰ ਦੀ ਰਾਮਾ ਮੰਡੀ ਪੁਲਿਸ ਨੇ ਉਸ ਨੂੰ ਫਿਰੌਤੀ ਦੇ ਦੋਸ਼ਾਂ ਤਹਿਤ ਦੁਬਾਰਾ ਗ੍ਰਿਫ਼ਤਾਰ ਕੀਤਾ ਅਤੇ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਪੁੱਛਗਿੱਛ ਲਈ ਉਸ ਦੀ ਤਿੰਨ ਦਿਨਾਂ ਦੀ ਹਿਰਾਸਤ ਹਾਸਲ ਕੀਤੀ।
ਇਹ ਮਾਮਲਾ ਰਮੇਸ਼ ਨਾਮ ਦੇ ਇੱਕ ਠੇਕੇਦਾਰ ਵੱਲੋਂ ਦਾਇਰ ਕੀਤਾ ਗਿਆ ਹੈ, ਜਿਸ ਨੇ ਦੋਸ਼ ਲਗਾਇਆ ਸੀ ਕਿ ਜਲੰਧਰ ਕੇਂਦਰੀ ਦੇ ਵਿਧਾਇਕ ਨੇ ਉਸ ਤੋਂ ਪੈਸੇ ਵਸੂਲੇ ਹਨ। ਸ਼ਿਕਾਇਤਕਰਤਾ ਮੁਤਾਬਕ ਉਹ ਕਈ ਵਾਰ ਰਮਨ ਅਰੋੜਾ ਨੂੰ 30,000 ਰੁਪਏ ਦੇ ਰਿਹਾ ਸੀ।
ਦੱਸ ਦੇਈਏ ਕਿ ਰਮਨ ਅਰੋੜਾ ਨੂੰ 23 ਮਈ ਨੂੰ ਆਪਣੇ ਅਸ਼ੋਕ ਨਗਰ ਘਰ ਤੋਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਨਾਭਾ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ, ਜਿਸ ਤੋਂ ਕੁਝ ਦਿਨ ਪਹਿਲਾਂ ਵਿਜੀਲੈਂਸ ਅਧਿਕਾਰੀਆਂ ਨੇ ਭ੍ਰਿਸ਼ਟਾਚਾਰ ਰੈਕੇਟ ਦੇ ਸਬੰਧ ਵਿੱਚ ਜਲੰਧਰ ਨਗਰ ਨਿਗਮ ਦੇ ਇੱਕ ਸਹਾਇਕ ਟਾਊਨ ਪਲੈਨਰ (ਏਟੀਪੀ) ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ‘ਤੇ ਨਗਰ ਨਿਗਮ ਦੇ ਸਹਾਇਕ ਟਾਊਨ ਪਲੈਨਰ ਸੁਖਦੇਵ ਵਸ਼ਿਸ਼ਟ ਅਤੇ ਕੁਝ ਹੋਰ ਅਧਿਕਾਰੀਆਂ ਨਾਲ ਮਿਲ ਕੇ ਗ਼ੈਰ-ਕਾਨੂੰਨੀ ਉਸਾਰੀ ‘ਤੇ ਝੂਠੇ ਨੋਟਿਸ ਜਾਰੀ ਕਰਨ ਅਤੇ ਫਿਰ ਉਨ੍ਹਾਂ ਵਿਰੁੱਧ ਕਾਰਵਾਈ ਨਾ ਕਰਨ ਦੇ ਬਦਲੇ ਵੱਡੀ ਰਿਸ਼ਵਤ ਲੈਣ ਦਾ ਦੋਸ਼ ਸੀ।
ਇਹ ਵੀ ਪੜ੍ਹੋ : ਬੁਢਲਾਡਾ : ਪੁਰਾਣੀ ਰੰਜਿਸ਼ ਦੇ ਚੱਲਦਿਆਂ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, 4 ਭੈਣਾਂ ਦਾ ਇਕੌਲਤਾ ਭਰਾ ਸੀ ਮ੍ਰਿਤਕ
ਰਮਨ ਅਰੋੜਾ ਦੇ ਪੁੱਤਰ ਰਾਜਨ ਅਰੋੜਾ, ਰਿਸ਼ਤੇਦਾਰ ਰਾਜੂ ਮਦਨ, ਹਰਪ੍ਰੀਤ ਕੌਰ ਅਤੇ ਮਖੀਜਾ ਨਾਮ ਦੇ ਇੱਕ ਸਹਿਯੋਗੀ ਨੂੰ ਵੀ ਸਾਜ਼ਿਸ਼ ਵਿੱਚ ਨਾਮਜ਼ਦ ਕੀਤਾ ਗਿਆ ਸੀ। ਰਾਜਨ ਅਰੋੜਾ ਨੂੰ ਪਹਿਲਾਂ ਹੀ ਅਦਾਲਤ ਤੋਂ ਰਾਹਤ ਮਿਲ ਚੁੱਕੀ ਹੈ, ਜਦੋਂਕਿ ਕੌਰ ਅਤੇ ਮਖੀਜਾ ਜ਼ਮਾਨਤ ‘ਤੇ ਬਾਹਰ ਹਨ। ਇਸ ਨਵੀਂ ਐਫਆਈਆਰ ਦੇ ਦਰਜ ਹੋਣ ਨਾਲ ਉਸ ਦੀਆਂ ਕਾਨੂੰਨੀ ਮੁਸ਼ਕਲਾਂ ਹੋਰ ਵੱਧ ਹਨ, ਜਿਸ ਨਾਲ ਉਹ ਹੁਣ ਲਈ ਹਿਰਾਸਤ ਵਿੱਚ ਰਹੇਗਾ।
ਵੀਡੀਓ ਲਈ ਕਲਿੱਕ ਕਰੋ -:
























