ਲੁਧਿਆਣਾ ਵਿਚ ਦੇਰ ਰਾਤ ਗਊਸ਼ਾਲਾ ਰੋਡ ‘ਤੇ ਇਕ ਹੌਜ਼ਰੀ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ। ਅੱਗ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਹਾਦਸੇ ਵਿਚ ਛੱਤ ‘ਤੇ ਸੌਂ ਰਹੇ 2 ਕਿਰਾਏਦਾਰ ਤੇ ਮਕਾਨ ਮਾਲਕ ਧੂੰਏਂ ਦੀ ਚਪੇਟ ਵਿਚ ਆ ਗਏ।ਉਨ੍ਹਾਂ ਨੂੰ ਸੀਐੱਮਸੀ ਹਸਪਤਾਲ ਵਿਚ ਪਹੁੰਚਾਇਆ ਗਿਆ ਜਿਥੇ ਇਕ ਦੀ ਮੌਤ ਹੋ ਗਈ। ਮ੍ਰਿਤਕ ਦੀ ਅਜੇ ਪਛਾਣ ਨਹੀਂ ਹੋ ਸਕੀ।
ਹਰਬੰਸਪੁਰਾ ਦੇ ਇਲਾਕੇ ਵਿਚ ਫੈਕਟਰੀ ਤੋਂ ਨਿਕਲ ਰਹੀ ਅੱਗ ਦੀਆਂ ਲਪਟਾਂ ਦੇਖ ਕੇ ਖੇਤਰ ਦੇ ਲੋਕਾਂ ਵਿਚ ਭਗਦੜ ਮਚ ਗਈ। ਲੋਕਾਂ ਨੇ ਖੁਦ ਵੀ ਪਾਣੀ ਦੀਆਂ ਬਾਲਟੀਆਂ ਆਦਿ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਨਹੀਂ ਬੁਝੀ। ਆਖਿਰਕਾਰ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।ਇਸਦੇ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀ ਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ।
ਜਾਣਕਾਰੀ ਮੁਤਾਬਕ ਜਿਸ ਫੈਕਟਰੀ ਵਿਚ ਅੱਗ ਲੱਗੀ ਉਹ ਥਾਣਾ ਡਵੀਜ਼ਨ ਨੰਬਰ 3 ਦੇ ਨੇੜੇ ਪ੍ਰਾਚੀਨ ਗਊਸ਼ਾਲਾ ਦੇ ਸਾਹਮਣੇ ਹੈ। ਮੋਹਨਲਾਲ ਧੀਰੀ ਦੇ ਘਰ ਦੇ ਗਰਾਊਂਡ ਫਲੋਰ ‘ਤੇ ਇਹ ਫੈਕਟਰੀ ਚੱਲ ਰਹੀ ਸੀ। ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗ ਗਈ। ਅੱਗ ਨੇ ਵਿਕਰਾਲ ਰੂਪ ਲੈ ਲਿਆ ਜਿਸ ਨਾਲ ਫੈਕਟਰੀ ਅੰਦਰ ਪਏ ਹੌਜ਼ਰੀ ਦਾ ਮਾਲ ਤੇ ਮਸ਼ੀਨ ਸੜ ਕੇ ਸੁਆਹ ਹੋ ਗਈ। ਧੂੰਆਂ ਨਿਕਲਣ ਨਾਲ ਛੱਤ ‘ਤੇ ਸੌਂ ਰਹੇ ਮਕਾਨ ਮਾਲਕ ਸਣੇ ਦੋ ਕਿਰਾਏਦਾਰਾਂ ਦੀ ਦਮ ਘੁਟਣ ਨਾਲ ਹਾਲਤ ਵਿਗੜ ਗਈ।
ਇਹ ਵੀ ਪੜ੍ਹੋ : ਗੈਸ ਚੈਂਬਰ ਬਣੀ ਦਿੱਲੀ, ਨਹੀਂ ਹੋਏ ਸੂਰਜ ਦੇ ਦਰਸ਼ਨ, ਅਜੇ ਵੀ ਹਾਲਾਤ ਸੁਧਰਨ ਦੇ ਆਸਾਰ ਨਹੀਂ
ਛੱਤ ‘ਤੇ ਫਸੇ ਲੋਕਾਂ ਦਾ ਫਾਇਰ ਬ੍ਰਿਗੇਡ ਮੁਲਾਜ਼ਮਾਂ ਤੇ ਮੁਹੱਲਾ ਵਾਸੀਆਂ ਨੇ ਰੈਸਕਿਊਕੀਤਾ। ਹਾਲਤ ਗੰਭੀਰ ਦੇਖਦੇ ਤੁਰੰਤ ਸੀਐੱਮਸੀ ਹਸਪਤਾਲ ਦਾਖਲ ਕਰਵਾਇਆ। ਡਾਕਟਰਾਂ ਨੇ ਇਕ ਕਿਰਾਏਦਾਰ ਨੂੰ ਮ੍ਰਿਤਕ ਐਲਾਨ ਦਿੱਤਾ। ਮਾਲਕ ਸਣੇ ਹੋਰ ਦੂਜੇ ਕਿਰਾਏਦਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਕ ਘੰਟੇ ਦੀ ਮੁਸ਼ੱਕਤ ਦੇ ਬਾਅਦ 4 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ‘ਤੇ ਕਾਬੂ ਪਾਇਆ। ਹਰਬੰਸਪੁਰਾ ਦੇ ਇਲਾਕੇ ਵਿਚ ਪਿਛਲੇ ਕਾਫੀ ਸਮੇਂ ਤੋਂ ਮੋਹਨਲਾਲ ਧੀਰੀ ਦੇ ਘਰ ਦੀ ਗਰਾਊਂਡ ਫਲੋਰ ‘ਤੇ ਹੌਜਰੀ ਦਾ ਕੰਮ ਚੱਲ ਰਿਹਾ ਹੈ।