ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਸਰਕਾਰ ਕੋਲ ਬਹੁਮਤ ਹੋਣ ਦੇ ਬਾਵਜੂਦ ਰਾਜ ਸਭਾ ਦੀ ਸੀਟ ਭਾਜਪਾ ਦੀ ਝੋਲੀ ਵਿਚ ਜਾਣ ਨਾਲ ਸੂਬੇ ਵਿਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਲੋਕ ਨਿਰਮਾਣ ਮੰਤਰੀ ਵਿਕਰਾਮਾਦਿਤਿਆ ਸਿੰਘ ਨੇ ਸਵੇਰੇ ਮੰਤਰੀ ਮੰਡਲ ਤੋਂ ਅਸਤੀਫਾ ਦਿੱਤਾ ਪਰ ਬਾਅਦ ਵਿਚ ਇਸ ਨੂੰ ਵਾਪਸ ਲੈ ਲਿਆ। ਭਾਜਪਾ ਦੇ 15 ਵਿਧਾਇਕ ਸਦਨ ਤੋਂ ਮੁਅੱਤਲ ਕਰ ਦਿੱਤੇ ਗਏ।
ਸੂਬਾ ਕਾਂਗਰਸ ਵਿਚ ਮਚੀ ਸਿਆਸੀ ਹਲਚਲ ਦੇ ਬਾਅਦ ਸੁਖੂ ਸਰਕਾਰ ਵਿਚ ਲੋਕ ਨਿਰਮਾਣ ਤੇ ਸ਼ਹਿਰੀ ਵਿਕਾਸ ਮੰਤਰੀ ਵਿਕਰਮਾਦਿਤਿਆ ਨੇ ਅੱਜ ਸਵੇਰੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਦੇਰ ਸ਼ਾਮ ਇਸ ਨੂੰ ਵਾਪਸ ਵੀ ਲੈ ਲਿਆ। ਵਿਕਰਾਮਾਦਿਤਿਆ ਨੇ ਪਾਰਟੀ ਵਰਕਰਾਂ ਨਾਲ ਮਿਲਣ ਦੇ ਬਾਅਦ ਕਿਹਾ ਕਿ ਮੁੱਖ ਮੰਤਰੀ ਤੇ ਪਾਰਟੀ ਹਾਈਕਮਾਨ ਨਾਲ ਚਰਚਾ ਦੇ ਬਾਅਦ ਉਨ੍ਹਾਂ ਨੇ ਅਸਤੀਫਾ ਵਾਪਸ ਲੈਣ ਦਾ ਫੈਸਲਾ ਲਿਆ ਹੈ। ਪਾਰਟੀ ਸਭ ਤੋਂ ਉਪਰ ਹੁੰਦੀ ਹੈ। ਜਿਹੜੇ ਮੁਦਿਆਂ ਨੂੰ ਲੈ ਕੇ ਮੇਰੀ ਨਾਰਾਜ਼ਗੀ ਸੀ, ਉਨ੍ਹਾਂ ਬਾਰੇ ਮੁੱਖ ਮੰਤਰੀ ਤੇ ਹਾਈਕਮਾਨ ਨੂੰ ਜਾਣੂ ਕਰਵਾ ਦਿੱਤਾ ਹੈ। ਹਿਮਾਚਲ ਵਿਚ ਪਾਰਟੀ ਪੂਰੀ ਤਰ੍ਹਾਂ ਤੋਂ ਇਕਜੁੱਟ ਹੈ।
ਮੁੱਖ ਮੰਤਰੀ ਸੁਖੂ ਨੇ ਵਰਕਰਾਂ ਨਾਲ ਬੈਠਕ ਦੇ ਬਾਅਦ ਕਿਹਾ ਕਿ ਸਾਡੀ ਸਰਕਾਰ ਸੁਰੱਖਿਅਤ ਹੈ। ਬੈਠਕ ਵਿਚ ਚੋਣ ਸਬੰਧੀ ਚਰਚਾ ਹੋਈ।